ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਲਈ ਬਣਿਆ ਮੁਸੀਬਤ ਕਰੋਨਾਵਾਇਰਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਕੈਪਟਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਹੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੀ ਬਜਾਏ ਸਰਕਾਰ ਤੋਂ ਉਨ੍ਹਾਂ ਨੂੰ ਸਿਰਫ਼ ਡਾਂਗਾਂ ਹੀ ਨਸੀਬ ਹੋਈਆਂ। ਇਸ ਦੌਰਾਨ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਉਨ੍ਹਾਂ ਵਿੱਚ ਵੀ ਲਾਰੇ ਹੀ ਪੱਲੇ ਪਏ। ਈਟੀਟੀ ਟੈੱਟ ਪਾਸ ਅਧਿਆਪਕ ਆਪਣੇ ਸੰਘਰਸ਼ ਦੌਰਾਨ 4 ਵਾਰ ਟੈਂਕੀ (ਦੀਨਾਨਗਰ, ਮੁਹਾਲੀ, ਬਹਾਦਰਗੜ੍ਹ, ਸੰਗਰੂਰ) ’ਤੇ ਚੜੇ, ਤਿੰਨ ਵਾਰ ਤਾਂ ਸਿੱਖਿਆ ਮੰਤਰੀ ਬਦਲੇ ਗਏ (ਅਰੁਣਾ ਚੌਧਰੀ, ਓਪੀ ਸੋਨੀ, ਵਿਜੇਇੰਦਰ ਸਿੰਗਲਾ), ਅਨੇਕਾਂ ਵਾਰ ਡਾਂਗਾਂ ਖਾਈਆਂ ਪਰ ਸਰਕਾਰ ਟਸ ਤੋਂ ਮਸ ਨਾ ਹੋਈ। ਇਸ ਦੇ ਨਾਲ ਨਾਲ ਅਧਿਆਪਕਾਂ ਵਲੋਂ ਹੋਰ ਵੱਖ-ਵੱਖ ਤਰੀਕੇ ਨਾਲ ਵੀ ਸੰਘਰਸ਼ ਕੀਤਾ ਗਿਆ।
ਜਿਸ ਵਿੱਚ ਭੁੱਖ ਹੜਤਾਲਾਂ, ਮਰਨ ਵਰਤ ਰੱਖਣਾ, ਬੇਰੁਜ਼ਗਾਰੀ ਦੇ ਸਤਾਏ ਨਹਿਰਾਂ ਵਿੱਚ ਛਾਲਾਂ ਮਾਰਨ ਨੂੰ ਮਜਬੂਰ ਹੋਣਾ, ਜੇਲ੍ਹ ਭਰੋ ਅੰਦੋਲਨ ਕਰਨਾ ਅਤੇ ਸਰਕਾਰ ਦੇ ਅੜੀਅਲ ਰਵੱਈਏ ਤੋਂ ਅੱਕ ਕੇ ਸੜਕਾਂ ਜਾਮ ਕਰਨੀਆਂ ਸ਼ਾਮਲ ਰਿਹਾ। ਜਦੋ ਤੱਕ ਸੰਘਰਸ਼ ਚੱਲਿਆ ਓਦੋਂ ਤੱਕ ਹਰ ਤਿਉਹਾਰ ਦਾ ਰੰਗ ਕਾਲਾ ਹੀ ਰਿਹਾ, ਕਾਲਾ ਦੁਸਹਿਰਾ, ਕਾਲੀ ਦੀਵਾਲੀ ਅਤੇ ਕਾਲੀ ਹੌਲੀ ਆਦਿ। ਸਰਕਾਰ ਵਲੋਂ ਉਨ੍ਹਾਂ ਦੇ ਸੰਘਰਸ਼ ਨੂੰ ਖਰਾਬ ਕਰਨ ਲਈ ਕਈ ਦਾਅ ਵੀ ਖੇਡੇ ਜਿਵੇਂ ਕਿ ਉਨ੍ਹਾਂ ਦੀ ਭਰਤੀ ਦੀ ਯੋਗਤਾ ਹੀ ਬਦਲ ਦਿੱਤੀ। ਜਿਸ ਅਧਾਰ ਉਹਨਾਂ ਨੇ ਕੋਰਸ ਕੀਤਾ ਤੇ ਟੈੱਟ ਪਾਸ ਕੀਤਾ ਉਹ ਯੋਗਤਾ ਤਾਂ ਹੋਰ ਸੀ ਪਰ ਨੌਕਰੀ ਦੇਣ ਲੱਗੇ ਬੀਏ ਦੀ ਮੰਗ ਰੱਖ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦੀ ਦਿਸ਼ਾ ਯੋਗਤਾ ਬਦਲਾਉਣ ਵੱਲ ਕਰਨੀ ਪਈ। ਪਰ ਜਦੋ ਹੁਣ ਸੰਘਰਸ਼ ਅੰਤਿਮ ਪੜਾਅ ’ਤੇ ਸੀ, ਉਦੋਂ ਦੇਸ਼ ਉਪਰ ‘ਕਰੋਨਾ ਵਾਇਰਸ’ ਮਹਾਂਮਾਰੀ ਫੈਲ ਗਈ ਜਿਸ ਦੇ ਨਾਲ ਕਿ ਉਨ੍ਹਾਂ ਨੂੰ ਆਪਣਾ 200 ਦਿਨਾਂ ਤੋਂ ਚੱਲਦਾ ਆ ਰਿਹਾ ਸੰਘਰਸ਼ ਮੁਲਤਵੀ ਕਰਨਾ ਪਿਆ।
ਇਸ ਲੰਮੇ ਸੰਘਰਸ਼ ਕਾਰਨ ਸਰਕਾਰ ਵੱਲੋਂ 1664 ਪੋਸਟਾਂ ਕੱਢੀਆ ਤਾਂ ਗਈਆਂ ਪਰ ਪੋਸਟਾਂ ਦੀ ਗਿਣਤੀ ਨਿਗੁਣੀ ਹੀ ਸਾਬਿਤ ਹੋਈ ਹੇੈ, ਕਿਉਂਕਿ ਪੰਜਾਬ ‘ਚ 14136 ਟੈਟ ਪਾਸ ਬੇਰੁਜਗਾਰ ਪਹਿਲਾ ਹੀ ਮੌਜੂਦ ਨੇ ਤੇ ਹੁਣ ਸਾਲ 2018 ਦੇ ਟੈਟ ਦਾ ਨਤੀਜਾ ਆ ਗਿਆ ਜਿਸ ਦੇ ਨਾਲ ਕਿ ਉਹਨਾ ਬੇਰੁਜ਼ਗਾਰਾਂ ਦੀ ਗਿਣਤੀ ਹੋਰ ਵੀ ਵੱਧ ਗਈ। ਸੋ ਕੇਵਲ 1664 ਪਸੋਟਾਂ ਦੀ ਗਿਣਤੀ ‘ਊਠ ਦੇ ਮੂੰਹ ਵਿੱਚ ਜ਼ੀਰਾ’ ਸਾਬਤ ਹੋਈ ਹੈ।
ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਬੇਰੁਜ਼ਗਾਰ ਜੋ ਬਹੁਤ ਗਿਣਤੀ ਦਿਹਾੜੀ ਜਾਂ ਕੋਈ ਹੋਰ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ, ਪਰ ਕਰੋਨਾ ਵਾਇਰਸ ਕਾਰਨ ਲਾਗੂ ਕਰਫਿਊ/ਤਾਲਾਬੰਦੀ ਕਾਰਨ ਅੱਜ ਹਾਲਾਤ ਏਦਾਂ ਦੇ ਹੋ ਗਏ ਹਨ ਕਿ ਉਨ੍ਹਾਂ ਦੇ ਸਾਰੇ ਕੰਮ ਕਾਰ ਠੱਪ ਹੋ ਗਏ ਹਨ। ਜਿਸ ਕਾਰਨ ਘਰ ਦੇ ਹਾਲਾਤ ਇਸ ਕਦਰ ਖਰਾਬ ਨੇ ਕਿ ਭਾਂਡੇ ਤੱਕ ਖਾਲੀ ਹੋਣ ਦੇ ਕਿਨਾਰੇ ਹਨ। ਹੁਣ ਸਵਾਲ ਇਹ ਹੈ ਕਿ, ਕੀ ਉਹ ਅਧਿਆਪਕ ਮੰਗ ਕੇ ਖਾਣਗੇ? ਇਸ ਦਾ ਜਵਾਬ ‘ਨਹੀਂ’ ਹੈ, ਕਿਉਂਕਿ ਉਨ੍ਹਾਂ ਨੇ ਜੇਕਰ ਮੰਗ ਕੇ ਹੀ ਖਾਣਾ ਹੁੰਦਾ ਤਾਂ ਮੰਗਾਂ ਦੀ ਪੂਰਤੀ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਰਾਹ ਹੀ ਨਾ ਅਖਤਿਆਰ ਕਰਦੇ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਪਣੀ ਜੁਝਾਰੂ ਵਿਰਾਸਤ ਤੋਂ ਸਬਕ ਲੈ ਕੇ, ਪੰਜਾਬ ਸਰਕਾਰ ਦੀ ਬੇਰੁਜ਼ਗਾਰਾਂ ਦਾ ਹਰੇਕ ਪੱਖੋ ਘਾਣ ਕਰਨ ਵਾਲੀਆਂ ਚਾਲਾਂ ਤੇ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਅਤੇ ਖਾਲੀ ਹਜ਼ਾਰਾਂ ਅਸਾਮੀਆਂ ਦੀ ਗਿਣਤੀ ਅਨੁਸਾਰ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਫਿਰ ਤੋਂ ਸੰਘਰਸ਼ ਦਾ ਮੈਦਾਨ ਭਖਾਉਣ ਲਈ ਤਿਆਰ ਬਰ ਤਿਆਰ ਰਹਿਣਗੇ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …