ਬੇਰੁਜ਼ਗਾਰ ਈਟੀਟੀ ਟੈੱਟ ਪਾਸ ਨੌਜਵਾਨ ਲੜਕੇ-ਲੜਕੀਆਂ ਵੀ ਸੜਕਾਂ ’ਤੇ ਉਤਰੇ

ਸਿੱਖਿਆ ਸਕੱਤਰ ਦਫ਼ਤਰ ਨੇੜੇ ਪੁੱਡਾ ਗਰਾਉਂਡ ਵਿੱਚ ਦਿੱਤਾ ਸੂਬਾ ਪੱਧਰੀ ਧਰਨਾ, ਹੁਕਮਰਾਨਾਂ ਨੂੰ ਕੋਸਿਆ

ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਸੜਕ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਨੌਜਵਾਨਾਂ (ਅਧਿਆਪਕ ਲਈ ਯੋਗ) ਨੇ ਅੱਜ ਮੁਹਾਲੀ ਵਿਖੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਸੂਬਾ ਪੱਧਰੀ ਧਰਨਾ ਦਿੱਤਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਬਾਅਦ ਦੁਪਹਿਰ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਜਿਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਵੀ ਹੋਈ। ਜਿਸ ਕਾਰਨ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਟਰਫ਼ਿਕ ਲਾਈਟ ਚੌਕ ਫੇਜ਼-7 ਵਿਚਕਾਰ ਮੁਹਾਲੀ-ਚੰਡੀਗੜ੍ਹ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਗਏ। ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਮੰਗ ਪੱਤਰ ਹਾਸਲ ਕਰਕੇ ਉਨ੍ਹਾਂ ਦੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 13 ਸਤੰਬਰ ਨੂੰ ਪੈਨਲ ਮੀਟਿੱਗ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਮਗਰੋਂ ਸ਼ਾਮ ਨੂੰ ਧਰਨਾ ਖ਼ਤਮ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਸ਼ਲਿਦਰ ਕੰਬੋਜ, ਨਿਰਮਲ ਜੀਰਾ, ਸੁਖਵਿੰਦਰ ਗੁਰਦਾਸਪੁਰ, ਸੁਰਿੰਦਰਪਾਲ ਸਿੰਘ, ਕੁਲਦੀਪ ਖੋਖਰ, ਅਮਨਦੀਪ ਸੱਗੂ ਅਤੇ ਬਲਵਿੰਦਰ ਨਾਭਾ ਨੇ ਕਿਹਾ ਕਿ ਲਗਾਤਾਰ ਸਾਢੇ ਚਾਰ ਸਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਸੰਘਰਸ਼ ਦੌਰਾਨ ਪੁਲੀਸ ਦੀਆਂ ਡਾਂਗਾਂ, ਝੂਠੇ ਪਰਚੇ, ਨਹਿਰਾਂ ’ਚ ਛਾਲਾਂ ਮਾਰਨ ਅਤੇ ਟੈਂਕੀਆਂ ਤੇ ਟਾਵਰਾਂ ਉੱਤੇ ਚੜ੍ਹਨ ਤੋਂ ਬਾਅਦ 6635 ਈਟੀਟੀ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ ਸੀ। ਜਿਸ ਵਿੱਚ ਪਹਿਲਾਂ ਫਾਰਮ ਅਪਲਾਈ ਕਰਨ ਦੀ 18 ਅਗਸਤ ਸੀ ਪ੍ਰੰਤੂ ਸਰਕਾਰ ਵੱਲੋਂ ਜਾਣਬੁੱਝ ਕੇ ਵਾਧੂ ਬਾਹਰੀ ਉਮੀਦਵਾਰਾਂ ਨੂੰ ਐਂਟਰੀ ਦੇਣ ਲਈ ਲਗਾਤਾਰ ਦੋ ਵਾਰੀ ਅਪਲਾਈ ਕਰਨ ਦੀ ਤਰੀਕ ਵਧਾਈ ਗਈ। 18 ਅਗਸਤ ਤੱਕ ਸਰਕਾਰ ਵੱਲੋਂ ਬੀਐੱਡ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕੋਈ ਵੀ ਆਪਸਨ ਨਹੀਂ ਦਿੱਤੀ ਗਈ ਸੀ ਪਰ ਹੁਣ ਸਰਕਾਰ ਵੱਲੋਂ ਬੀਐੱਡ ਉਮੀਦਵਾਰਾਂ ਨੂੰ ਈਟੀਟੀ ਭਰਤੀ ਵਿੱਚ ਬਰਾਬਰ ਵਿਚਾਰਨ ਲਈ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ। ਭਰਤੀ ਪੋਰਟਲ ਖੋਲ੍ਹ ਕੇ ਬੀਐੱਡ ਉਮੀਦਵਾਰਾਂ ਨੂੰ ਫਾਰਮ ਭਰਨ ਲਈ ਮੌਕਾ ਦਿੱਤਾ ਰਿਹਾ ਹੈ, ਜੋ ਸਰਾਸਰ ਗਲਤ ਹੈ।


ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਵਾਰ ਵਾਰ ਪੋਰਟਲ ਖੋਲ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਅਜਿਹਾ ਕਰਕੇ ਸਿੱਖਿਆ ਵਿਭਾਗ ਉਨ੍ਹਾਂ ਤੋਂ ਨੌਕਰੀ ਦਾ ਹੱਕ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 13 ਸਤੰਬਰ ਨੂੰ ਪੈਨਲ ਮੀਟਿੰਗ ਵਿੱਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸਰਕਾਰ ਵਿਰੁੱਧ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਾਵੇਗਾ। ਉਸੇ ਦਿਲ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …