ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ, ਪੁਲੀਸ ਨੇ ਰਾਹ ਰੋਕਿਆ

ਵਾਈਪੀਐਸ ਚੌਂਕ ਤੇ ਪੁਲੀਸ ਨਾਲ ਧੱਕਾਮੁੱਕੀ, ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਦੀ ਹੱਦ ’ਤੇ ਬੈਰੀਕੇਟ ਲੰਘਣ ਦਾ ਯਤਨ

ਯੂਨੀਅਨ ਦੇ ਆਗੂਆਂ ਦੀ ਸਿੱਖਿਆ ਮੰਤਰੀ ਨਾਲ ਬੁੱਧਵਾਰ ਨੂੰ ਹੋਵੇਗੀ ਪੈਨਲ ਮੀਟਿੰਗ, ਸ਼ਾਮ ਨੂੰ ਧਰਨਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਅੱਜ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਲੇਕਿਨ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਇਸ ਤੋਂ ਪਹਿਲਾਂ ਈਟੀਟੀ ਅਧਿਆਪਕ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਨੇੜੇ ਇਕੱਠੇ ਹੋਏ ਅਤੇ ਆਪਣੀ ਮੰਗਾਂ ਬਾਰੇ ਖੁੱਲ੍ਹ ਕੇ ਚਰਚਾ ਕਰਨ ਉਪਰੰਤ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਦਿੱਤਾ। ਹਾਲਾਂਕਿ ਵਾਈਪੀਐਸ ਚੌਂਕ ’ਤੇ ਵੱਡੀ ਮਾਤਰਾ ਵਿੱਚ ਪੁਲੀਸ ਫੋਰਸ ਤਾਇਨਾਤ ਸੀ ਪ੍ਰੰਤੂ ਈਟੀਟੀ ਅਧਿਆਪਕ ਪੁਲੀਸ ਨਾਲ ਧੱਕਾਮੁੱਕੀ ਹੁੰਦੇ ਹੋਏ ਅੱਗੇ ਲੰਘਣ ਵਿੱਚ ਕਾਮਯਾਬ ਹੋ ਗਏ ਲੇਕਿਨ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਯੂਟੀ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਉਨ੍ਹਾਂ ਦਾ ਰਾਹ ਡੱਕ ਲਿਆ। ਜਿਸ ਕਾਰਨ ਉਹ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਗਏ।
ਇਸ ਮੌਕੇ ਮੁਹਾਲੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੀ ਗੱਲ ਆਖੀ। ਇਸ ਦੌਰਾਨ ਅੱਧਾ ਘੰਟਾ ਤੱਕ ਇੰਤਜ਼ਾਰ ਕਰਨ ਉਪਰੰਤ ਜਦੋਂ ਕੋਈ ਸੁਨੇਹਾ ਨਹੀਂ ਮਿਲਿਆ ਤਾਂ ਈਟੀਟੀ ਅਧਿਆਪਕਾਂ ਨੇ ਬੈਰੀਕੇਟ ਟੱਪਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀ ਹੋ ਸਕੇ।
ਇਸ ਮੌਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂਆਂ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਸੁਰਿੰਦਰਪਾਲ ਗੁਰਦਾਸਪੁਰ, ਡਾ. ਪਰਵਿੰਦਰ ਜਲਾਲਾਬਾਦ, ਮਨੀ ਸੰਗਰੂਰ, ਰਾਜ ਕੁਮਾਰ ਮਾਨਸਾ ਤੇ ਜਰਨੈਲ ਨਾਗਰਾ ਅਤੇ ਦੀਪ ਬਨਾਰਸੀ ਨੇ ਕਿਹਾ ਕਿ ਭਾਵੇਂ ਅੱਜ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਚਿਹਰੇ ਬਦਲ ਗਏ ਪ੍ਰੰਤੂ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਨਵੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਕਿ ਨਵੀਂ ਕੈਬਨਿਟ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰੇਗੀ, ਪਰ ਮੌਜੂਦ ਸਰਕਾਰ ਕੋਲ ਵੀ ਬੇਰੁਜ਼ਗਾਰਾਂ ਦੀ ਗੱਲ ਸੁਣਨ ਤੱਕ ਦਾ ਸਮਾਂ ਨਹੀਂ ਹੈ।

ਮੁਹਾਲੀ ਪ੍ਰਸ਼ਾਸਨ ਨੇ ਯੂਨੀਅਨ ਆਗੂਆਂ ਨੂੰ ਭਲਕੇ 17 ਨਵੰਬਰ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਈਟੀਟੀ ਅਧਿਆਪਕਾਂ ਨੇ ਸ਼ਾਮ ਨੂੰ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਅੱਜ ਕੋਈ ਵੀ ਈਟੀਟੀ ਅਧਿਆਪਕ ਆਪਣੇ ਘਰ ਵਾਪਸ ਨਹੀਂ ਪਰਤਿਆ ਹੈ, ਬਲਕਿ ਗੁਰਦੁਆਰਾ ਸਾਹਿਬ ਅਤੇ ਧਰਨਾ ਸਥਾਨ ’ਤੇ ਰਾਤ ਕੱਟੀ ਜਾਵੇਗੀ। ਜੇਕਰ ਬੁੱਧਵਾਰ ਨੂੰ ਮੀਟਿੰਗ ਵਿੱਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਬਾਰੇ ਢੁਕਵਾਂ ਫੈਸਲਾ ਨਾ ਲਿਆ ਗਿਆ ਤਾਂ ਮੀਟਿੰਗ ਖ਼ਤਮ ਹੁੰਦੇ ਸਾਰ ਹੀ ਦੁਬਾਰਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇ ਅਤੇ ਲੋੜ ਪੈਣ ’ਤੇ ਗੁਪਤ ਐਕਸ਼ਨ ਕੀਤੇ ਜਾਣਗੇ।

ਉਧਰ, ਰੁਜ਼ਗਾਰ ਦੀ ਮੰਗ ਨੂੰ ਲੈ ਕੇ ਦੇਸੂਮਾਜਰਾ ਸਥਿਤ ਪਾਣੀ ਦੀ ਟੈਂਕੀ ਉੱਤੇ ਚੜ੍ਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਪਰਮ ਫਾਜ਼ਿਲਕਾ ਅਤੇ ਅਮਨ ਫਾਜ਼ਿਲਕਾ ਦਾ ਧਰਨਾ 27ਵੇਂ ਦਿਨ ’ਚ ਦਾਖ਼ਲ ਹੋ ਗਿਆ ਜਦੋਂਕਿ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਬਲਵਿੰਦਰ ਫਿਰੋਜ਼ਪੁਰ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਉਸਦੇ ਹੱਥਾਂ ਪੈਰਾਂ ’ਚ ਦਰਦ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਉਸਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…