Share on Facebook Share on Twitter Share on Google+ Share on Pinterest Share on Linkedin ਬੇਰੁਜ਼ਗਾਰ ਸਿਹਤ ਕਾਮਿਆਂ ਵੱਲੋਂ ਮੁਹਾਲੀ ਵਿੱਚ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬੇਰੁਜ਼ਗਾਰ ਸਿਹਤ ਕਾਮਿਆਂ ਨੂੰ ਛੇਤੀ ਮਸਲਾ ਹੱਲ ਕਰਨ ਦਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ: ਸਿਹਤ ਵਿਭਾਗ ਪੰਜਾਬ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਹੇਠ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਇੱਥੋਂ ਦੇ ਫੇਜ਼-7 ਸਥਿਤ ਨਿੱਜੀ ਰਿਹਾਇਸ਼ੀ ਦਾ ਘਿਰਾਓ ਕੀਤਾ ਅਤੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਉਕਤ ਜਥੇਬੰਦੀ ਨੇ ਸਾਬਕਾ ਸਿਹਤ ਮੰਤਰੀ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਸੀ, ਪ੍ਰੰਤੂ ਹੁਣ ਪ੍ਰਦਰਸ਼ਨਕਾਰੀਆਂ ਨੇ ਨਵੇਂ ਸਿਹਤ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮਹੀਨਾ ਪਹਿਲਾਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸੀ ਲੇਕਿਨ ਹੁਣ ਤੱਕ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਬੇਰੁਜ਼ਗਾਰ ਸਿਹਤ ਕਾਮਿਆਂ ਨੂੰ ਮਜਬੂਰ ਹੋ ਕੇ ਸੜਕਾਂ ’ਤੇ ਆਉਣ ਪਿਆ ਹੈ। ਉਨ੍ਹਾਂ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ’ਤੇ ਸਿਹਤ ਕਾਮਿਆਂ ਦੀ ਨਵੀਂ ਭਰਤੀ ਕਰਨ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਬੇਰੁਜ਼ਗਾਰ ਸਿਹਤ ਵਰਕਰ ਕਮਿਊਨਿਟੀ ਸੈਂਟਰ ਫੇਜ਼-7 ਨੇੜੇ ਇਕੱਠੇ ਹੋਏ ਅਤੇ ਇੱਥੋਂ ਕਾਫ਼ਲੇ ਦੇ ਰੂਪ ਵਿੱਚ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਚੋਣ ਵਾਅਦੇ ਚੇਤੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿੱਚ ਸਿਹਤ ਵਰਕਰ ਮੇਲ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆ ਹਨ ਅਤੇ ਦੂਜੇ ਪਾਸੇ 3800 ਤੋਂ ਵੱਧ ਬੇਰੁਜ਼ਗਾਰ ਸਿਹਤ ਕਾਮੇ ਨੌਕਰੀ ਲਈ ਖੱਜਲ ਖੁਆਰ ਹੋ ਰਹੇ ਹਨ। ਇਨ੍ਹਾਂ ’ਚੋਂ ਸੈਂਕੜੇ ਉਮੀਦਵਾਰ ਉਮਰ ਹੱਦ ਪੁਗਾ ਚੁੱਕੇ ਹਨ। ਸ੍ਰੀ ਢਿੱਲਵਾਂ ਨੇ ਸਿਹਤ ਕਾਮਿਆਂ ਦੀ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ਵਿੱਚ ਚਾਰ ਸਾਲ ਛੋਟ ਦੇ ਕੇ ਆਧਾਰ ’ਤੇ ਭਰੀਆਂ ਜਾਣ। ਆਬਾਦੀ ਮੁਤਾਬਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਜਾਵੇ। ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ ਅਤੇ ਸਿਹਤ ਵਰਕਰ ਦਾ ਕੋਰਸ ਸਾਲ 2012 ਤੋਂ ਬੰਦ ਹੋ ਚੁੱਕਾ ਹੈ। ਇਸ ਲਈ ਕੋਰਸ ਪਾਸ ਸਾਰੇ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ’ਤੇ ਭਰਤੀ ਕੀਤਾ ਜਾਵੇ। ਇਸ ਮੌਕੇ ਮੁਲਾਜ਼ਮ ਆਗੂ ਸੋਨੀ ਪਾਇਲ, ਤਰਲੋਚਨ ਨਾਗਰਾ ਸੰਗਰੂਰ, ਸੁਖਦੇਵ ਸਿੰਘ ਫਾਜ਼ਿਲਕਾ, ਹਰਵਿੰਦਰ ਸਿੰਘ ਪਟਿਆਲਾ, ਪਲਵਿੰਦਰ ਹੁਸ਼ਿਆਰਪੁਰ, ਸਵਰਨ ਸਿੰਘ ਫਿਰੋਜ਼ਪੁਰ, ਰਵਿੰਦਰ ਫਿਰੋਜ਼ਪੁਰ, ਲਖਵੀਰ ਮਾਨਸਾ, ਮੱਖਣ ਰੱਲਾ, ਜਸਪਾਲ ਪਾਲੀ, ਅਮਰਜੀਤ ਮੁਕਤਸਰ, ਗੁਰਲਾਲ ਬਰਨਾਲਾ, ਪਵਨ ਫਾਜ਼ਿਲਕਾ, ਕੁਲਵਿੰਦਰ ਸਿੰਘ ਅਤੇ ਜਸਮੇਲ ਮੁਹਾਲੀ, ਬਲਵਿੰਦਰ ਤਪਾ, ਜਸਵੀਰ ਜਲੰਧਰ, ਗੁਰਚਰਨ ਲੁਧਿਆਣਾ ਅਤੇ ਵਿਨੋਦ ਪਟਿਆਲਾ ਵੀ ਹਾਜ਼ਰ ਸਨ। (ਬਾਕਸ ਆਈਟਮ) ਉਧਰ, ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ 11 ਮੈਂਬਰੀ ਵਫ਼ਦ ਦੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਕਰਵਾਈ ਗਈ। ਸ੍ਰੀ ਸਿੱਧੂ ਨੇ ਬੇਰੁਜ਼ਗਾਰ ਸਿਹਤ ਕਾਮਿਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਤੁਰੰਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਤੀਸ਼ ਚੰਦਰਾ ਨਾਲ ਫੋਨ ’ਤੇ ਗੱਲ ਕੀਤੀ। ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਸਰਕਾਰੀ ਨੇਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਯੂਨੀਅਨ ਆਗੂ ਸੋਨੀ ਪਾਇਲ, ਤਰਲੋਚਨ ਸਿੰਘ ਨਾਗਰਾ, ਪਲਵਿੰਦਰ ਸਿੰਘ ਹੁਸ਼ਿਆਰਪੁਰ, ਜਸਮੇਲ ਸਿੰਘ ਮੁਹਾਲੀ, ਦਵਿੰਦਰ ਸਿੰਘ ਬਠਿੰਡਾ, ਪੱਪੂ ਬਠਿੰਡਾ, ਹਰਵਿੰਦਰ ਨਾਭਾ, ਸੁਖਦੇਵ ਫਾਜ਼ਿਲਕਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ