Nabaz-e-punjab.com

ਬੇਰੁਜ਼ਗਾਰ ਹੈਲਥ ਵਰਕਰਾਂ ਨੇ ਰੈਗੂਲਰ ਕਰਨ ਸਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਕੀਤੀ ਮੀਟਿੰਗ

ਸਿਹਤ ਮੰਤਰੀ ਨੇ 31 ਦਸੰਬਰ ਤੱਕ ਮੁਲਾਜ਼ਮਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕਰਨ ਦਾ ਦਿੱਤਾ ਭਰੋਸਾ

ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ: ਪਾਇਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਸਿਹਤ ਵਿਭਾਗ ਪੰਜਾਬ ਵਿੱਚ ਸਿਹਤ ਵਰਕਰ (ਮੇਲ) ਦੀ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਇਕ ਹਫ਼ਤੇ ਤੋਂ ਪਟਿਆਲਾ ਵਿੱਚ ਪੱਕਾ ਮੋਰਚਾ ਲਗਾਉਣ ਵਾਲੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਅੱਜ ਸੂਬਾ ਆਗੂ ਸੁਰਿੰਦਰਪਾਲ ਸੋਨੀ ਪਾਇਲ ਦੀ ਅਗਵਾਈ ਹੇਠ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਬੀਤੀ 2 ਦਸੰਬਰ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਹੈਲਥ ਵਰਕਰਾਂ ਨੇ 8 ਦਸੰਬਰ ਨੂੰ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਾ ਸੀ ਪ੍ਰੰਤੂ ਸਵੇਰੇ ਸੁਵੱਖਤੇ ਹੀ ਪੁਲੀਸ ਕਰਮਚਾਰੀਆਂ ਨੇ ਬੇਰੁਜ਼ਗਾਰਾਂ ਦਾ ਜ਼ਬਰਦਸਤੀ ਟੈੱਟ ਪੁੱਟ ਕੇ ਦਰਜਨ ਤੋਂ ਵੱਧ ਬੇਰੁਜ਼ਗਾਰ ਕਾਮਿਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਵਿੱਚ ਡੱਕ ਦਿੱਤਾ ਸੀ ਅਤੇ ਸਾਰੇ ਦਿਨ ਦੀ ਜੱਦੋਜਹਿਦ ਮਗਰੋਂ ਸਿਹਤ ਮੰਤਰੀ ਨਾਲ ਅੱਜ ਮੀਟਿੰਗ ਤੈਅ ਕਰਵਾਈ ਗਈ ਸੀ।
ਯੂਨੀਅਨ ਆਗੂ ਗੁਰਪਿਆਰ ਸਿੰਘ ਮਾਨਸਾ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਕਈ ਵਾਰ ਭਰੋਸਾ ਦਿੱਤਾ ਹੈ ਕਿ ਉਮਰ ਹੱਦ ਵਿੱਚ ਛੋਟ ਦੇ ਕੇ ਜਲਦੀ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ਪ੍ਰੰਤੂ ਆਪਣੇ ਬੋਲ ਪੁਗਾਉਣ ਅਤੇ ਕਾਰਵਾਈ ਨੂੰ ਅਮਲੀ ਰੂਪ ਦੇਣ ਦੀ ਬਜਾਏ ਬੇਰੁਜ਼ਗਾਰ ਵਰਕਰਾਂ ਨੂੰ ਝੂਠੇ ਲਾਰੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਵੀ ਸ੍ਰੀ ਸਿੱਧੂ ਨੇ ਮੁੜ ਭਰੋਸਾ ਦਿੱਤਾ ਕਿ 31 ਦਸੰਬਰ ਤੱਕ 300 ਤੋਂ ਵੱਧ ਅਸਾਮੀਆਂ ਲਈ ਉਮਰ ਵਿੱਚ ਛੋਟ ਦੇਣ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਪ੍ਰੰਤੂ ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਸਾਰੀਆਂ ਖਾਲੀ ਅਸਾਮੀਆਂ ਦਾ ਇੱਕੋ ਸਮੇਂ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ’ਤੇ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਦੇ ਭਰਤੀ ਕੀਤੀ ਜਾਵੇ ਪ੍ਰੰਤੂ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਜਿਸ ਕਾਰਨ ਹੈਲਥ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਮੰਤਰੀ ਨੇ ਅੱਜ ਬੇਰੁਜ਼ਗਾਰਾਂ ਨੂੰ ਦਿੱਤੇ ਭਰੋਸੇ ਨੂੰ ਅਮਲੀ ਰੂਪ ਨਾ ਦਿੱਤਾ ਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਸਬੰਧੀ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਤੋਂ ਬਾਅਦ ਦਸੰਬਰ ਦੇ ਅੰਤ ਵਿੱਚ ਮੁੜ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਪਲਵਿੰਦਰ ਸਿੰਘ, ਜਸਮੇਲ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ ਅਤੇ ਲਖਵੀਰ ਸਿੰਘ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਜਾਰੀ ਅਤੇ ਮੁਕੰਮਲ ਹੋ ਚੁੱਕੀ ਭਰਤੀ ਦੇ ਇਸ਼ਤਿਹਾਰ ਵਿੱਚ ਭ੍ਰਿਸ਼ਟ ਤਰੀਕੇ ਨਾਲ ਹੋ ਰਹੇ ਵਾਧੇ ਦੀ ਪ੍ਰਕਿਰਿਆ ਨੂੰ ਤੁਰੰਤ ਕਾਬੂ ਕੀਤਾ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ਵਿੱਚ ਰਾਜਸਥਾਨ, ਹਿਮਾਚਲ, ਹਰਿਆਣਾ ਵਾਂਗ ਪੰਜ ਸਾਲ ਛੋਟ ਦੇ ਭਰੀਆਂ ਜਾਣ। ਆਬਾਦੀ ਮੁਤਾਬਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਜਾਵੇ। ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਦਿਨਾਂ ਵਿੱਚ ਪੂਰਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ। ਜਾਰੀ ਹੋਣ ਵਾਲੇ ਇਸ਼ਤਿਹਾਰ ਨੂੰ ਕਾਨੂੰਨੀ ਨੁਕਤੇ ਵਿਚਾਰ ਕੇ ਅਤੇ ਕੱਟ ਆਫ਼ ਰੱਖ ਕੇ ਜਾਰੀ ਕੀਤਾ ਜਾਵੇ ਤਾਂ ਜੋ ਬਾਅਦ ਵਿੱਚ ਮਸਲਾ ਅਦਾਲਤਾਂ ਵਿੱਚ ਨਾ ਲਟਕਿਆ ਰਹੇ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…