ਬੇਰੁਜ਼ਗਾਰ ਸਿਹਤ ਵਰਕਰਾਂ ਵੱਲੋਂ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਠੀ ਦਾ ਘਿਰਾਓ, ਸੜਕ ਜਾਮ

ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਮਿਲਣ ਮਗਰੋਂ ਧਰਨਾ ਚੁੱਕਿਆ

3 ਸਤੰਬਰ ਤੋਂ ਮੁਹਾਲੀ ਸਥਿਤ ਸਿਹਤ ਮੰਤਰੀ ਦੀ ਕੋਠੀ ਬਾਹਰ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਸਿਹਤ ਵਿਭਾਗ ਵਿੱਚ ਪੱਕੀ ਨੌਕਰੀ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਅੱਜ ਇੱਥੋਂ ਦੇ ਸੈਕਟਰ78 ਸਥਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਬੇਰੁਜ਼ਗਾਰ ਹੈਲਥ ਵਰਕਰ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਇਕੱਠੇ ਹੋਏ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਸਿਹਤ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਲਈ ਰੋਸ ਮਾਰਚ ਕੀਤਾ ਪ੍ਰੰਤੂ ਪੁਲੀਸ ਨੇ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਕੋਠੀ ਤੋਂ ਐਨ ਪਹਿਲਾਂ ਹੀ ਰੋਕ ਲਿਆ। ਜਿਸ ਕਾਰਨ ਉਹ ਮੰਤਰੀ ਦੀ ਕੋਠੀ ਨੇੜੇ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ।
ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੁਖਦੇਵ ਸਿੰਘ ਜਲਾਲਾਬਾਦ ਅਤੇ ਸੁਰਿੰਦਰਪਾਲ ਸਿੰਘ ਸੋਨੀ ਨੇ ਕਿਹਾ ਕਿ ਸਰਕਾਰ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਪ੍ਰਵਾਨਿਤ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਵਿੱਚ ਛੋਟ ਦੇ ਕੇ ਜਾਰੀ ਕਰਨ ਅਤੇ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਰਕਰ (ਪੁਰਸ਼) ਦੀਆਂ 200 ਅਤੇ ਮਹਿਲਾ ਵਰਕਰ ਦੀਆਂ 600 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਗਈ ਸੀ, ਪ੍ਰੰਤੂ ਪਾਸ ਉਮੀਦਵਾਰਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਜਦੋਂਕਿ ਸਰਕਾਰ ਦੀ ਨਾਕਾਮੀ ਕਾਰਨ ਮਹਿਲਾ ਵਰਕਰ ਦੀ ਭਰਤੀ ਪ੍ਰਕਿਰਿਆ ਉੱਤੇ ਅਦਾਲਤ ਨੇ ਆਰਜ਼ੀ ਰੋਕ ਲਗਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਲੋੜੀਂਦੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਵਿੱਚ ਛੋਟ ਦੇ ਕੇ ਜਲਦੀ ਜਾਰੀ ਕੀਤਾ ਜਾਵੇ ਅਤੇ ਚੱਲ ਰਹੀ ਭਰਤੀ ਪ੍ਰਕਿਰਿਆ ਮੁਕੰਮਲ ਨੂੰ ਤੁਰੰਤ ਨੇਪਰੇ ਚਾੜ੍ਹਿਆ ਜਾਵੇ।

ਉਧਰ, ਮੁਹਾਲੀ ਪ੍ਰਸ਼ਾਸਨ ਵੱਲੋਂ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਲਿਖਤੀ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ। ਸਿਹਤ ਕਾਮਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਉਨ੍ਹਾਂ ਦੀ ਨਿਯੁਕਤੀ ਦਾ ਰੇੜਕਾ ਹੱਲ ਨਹੀਂ ਕੀਤਾ ਗਿਆ ਤਾਂ 3 ਸਤੰਬਰ ਤੋਂ ਮੁਹਾਲੀ ਵਿੱਚ ਸਿਹਤ ਮੰਤਰੀ ਦੀ ਕੋਠੀ ਬਾਹਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਘੁੰਮਣ, ਰਣਵੀਰ ਸਿੰਘ ਨਦਾਮਪੁਰ, ਸਤਨਾਮ ਸਿੰਘ ਬੱਛੋਆਣਾ, ਸਵਰਨ ਸਿੰਘ, ਕਰਮਜੀਤ ਸਿੰਘ ਜਗਜੀਤ ਪੂਰਾ, ਮਨਪ੍ਰੀਤ ਸਿੰਘ ਬਠਿੰਡਾ, ਗੁਰਪਿਆਰ ਸਿੰਘ ਮਾਨਸਾ, ਹਰਵਿੰਦਰ ਸਿੰਘ ਥੂਹੀ, ਜਸਮੇਲ ਸਿੰਘ, ਜਸਵੀਰ ਤਪਾ, ਨਿਰਮਲ ਸਿੰਘ ਡੇਰਾ ਬਾਬਾ ਨਾਨਕ, ਪੰਜਾ ਸਿੰਘ, ਲਖਵੀਰ ਸਿੰਘ ਲੱਖਾ, ਅਮਨ ਲੰਬੀ ਅਤੇ ਅਮਨ ਸੇਖਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …