
ਬੇਰੁਜ਼ਗਾਰ ਜੂਨੀਅਰ ਡਰਾਫ਼ਟਸਮੈਨਾਂ ਨੇ ‘ਆਪ’ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ
ਸਰਕਾਰੀ ਨੌਕਰੀ ਲਈ ਉਡੀਕ ਲੰਮੀ ਹੋਣ ਕਾਰਨ ਨੌਜਵਾਨਾਂ ’ਚ ਬੇਚੈਨੀ ਦਾ ਮਾਹੌਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੇ ‘ਆਪ’ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਜੂਨੀਅਰ ਡਰਾਫ਼ਟਸਮੈਨ ਉਮੀਦਵਾਰਾਂ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ (ਐਸਐਸ ਬੋਰਡ) ਦੇ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਅਮਨ ਕੁਮਾਰ ਅਤੇ ਹਰਦੀਪ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਵੱਖ-ਵੱਖ ਵਿਭਾਗਾਂ ਲਈ ਜੂਨੀਅਰ ਡਰਾਫ਼ਟਸਮੈਨਾਂ ਦੀ ਭਰਤੀ ਲਈ ਆਪਣੀ ਵੈਬਸਾਈਟ ’ਤੇ ਇਸ਼ਤਿਹਾਰ ਅਪਲੋਡ ਕੀਤਾ ਸੀ।
ਇਸ ਸਬੰਧੀ ਸੈਂਕੜੇ ਨੌਜਵਾਨਾਂ ਵੱਲੋਂ ਨੌਕਰੀ ਲਈ ਅਪਲਾਈ ਕੀਤਾ ਗਿਆ ਸੀ। ਇਨ੍ਹਾਂ ਅਸਾਮੀਆਂ ਲਈ ਬੋਰਡ ਨੇ 4 ਅਕਤੂਬਰ 2021 ਨੂੰ ਲਿਖਤੀ ਪ੍ਰੀਖਿਆ ਲਈ ਗਈ ਸੀ ਅਤੇ ਚੁਣੇ ਗਏ ਉਮੀਦਵਾਰਾਂ ਦਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 18 ਤੇ 19 ਦਸੰਬਰ 2021 ਨੂੰ ਆਟੋਕਾਰਡ ਸਕਿੱਲ ਟੈੱਸਟ ਲਿਆ ਗਿਆ ਅਤੇ ਨਤੀਜਾ ਵੀ ਘੋਸ਼ਿਤ ਕਰ ਦੇਣ ਬਾਰੇ ਕਿਹਾ ਗਿਆ ਸੀ ਲੇਕਿਨ ਹੁਣ ਤੱਕ ਨਾ ਤਾਂ ਸਫਲ ਉਮੀਦਵਾਰਾਂ ਦਾ ਨਤੀਜਾ ਜਨਤਕ ਕੀਤਾ ਗਿਆ ਹੇ ਅਤੇ ਨਾ ਹੀ ਸਬੰਧਤ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਵੈਰੀਫ਼ਿਕੇਸ਼ਨ ਕੀਤੀ ਜਾ ਰਹੀ ਹੈ। ਜਿਸ ਕਾਰਨ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲਣ ਦੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਨੌਜਵਾਨਾਂ ਵਿੱਚ ਬੇਚੈਨੀ ਦਾ ਮਾਹੌਲ ਹੈ ਅਤੇ ਜੂਨੀਅਰ ਡਰਾਫ਼ਟਸਮੈਨਾਂ ਦੀ ਭਰਤੀ ਦਾ ਕੰਮ ਲਮਕ ਜਾਣ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਲੱਗੀ ਹੋਈ ਹੈ।
ਪੀੜਤ ਨੌਜਵਾਨਾਂ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ‘ਆਪ’ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਕਿਉਂਕਿ ‘ਆਪ’ ਦੀ ਸਰਕਾਰ ਬਣਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਬੇਰੁਜ਼ਗਾਰ ਨੌਜਵਾਨ ਵਰਗ ਦਾ ਹੈ ਪ੍ਰੰਤੂ ਹਾਲੇ ਉਨ੍ਹਾਂ ਨੂੰ ਕਿੱਧਰੋਂ ਵੀ ਹਾਂ-ਪੱਖੀ ਹੁੰਗਾਰਾ ਨਹੀਂ ਮਿਲ ਰਿਹਾ ਹੈ। ਅੱਜ ਉਨ੍ਹਾਂ ਨੇ ਬੋਰਡ ਦੇ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੁੱਖ ਮੰਤਰੀ ਨੂੰ ਵੀ ਮੰਗ ਪੱਤਰ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਲਦੀ ਨਿਯੁਕਤੀ ਪੱਤਰ ਨਹੀਂ ਦਿੱਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਤਪਾਲ ਸਿੰਘ, ਕੁਲਦੀਪ ਸਿੰਘ, ਮੁਕੇਸ਼ ਘਈ, ਪਰਦੀਪ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਬੰਟੀ, ਅੰਕੁਸ਼ ਰਾਣਾ ਸਮੇਤ ਹੋਰ ਨੌਜਵਾਨ ਹਾਜ਼ਰ ਸਨ।