Share on Facebook Share on Twitter Share on Google+ Share on Pinterest Share on Linkedin ਬੇਰੁਜ਼ਗਾਰ ਸਟੈਨੋ ਟਾਈਪਿਸਟਾਂ ਨੇ ਐਸਐਸ ਬੋਰਡ ਦਫ਼ਤਰ ਦੇ ਬਾਹਰ ਧਰਨਾ, ਨਾਅਰੇਬਾਜ਼ੀ ਕੀਤੀ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਾ ਬੇਰੁਜ਼ਗਾਰੀ ਭੱਤਾ ਦਿੱਤਾ, ਨਾ ਨੌਕਰੀ ਦਿੱਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ: ਪੰਜਾਬ ਦਾ ਮੁਲਾਜ਼ਮ ਵਰਗ, ਕੱਚੇ ਅਧਿਆਪਕ, ਮਨਿਸਟਰੀਅਲ ਕਾਮੇ ਅਤੇ ਪੈਨਸ਼ਨਰਾਂ ਦਾ ਸੂਬਾ ਸਰਕਾਰ ਪ੍ਰਤੀ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਇਹ ਸਾਰੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਹੁਣ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਵੀ ਸੜਕਾਂ ’ਤੇ ਉਤਰ ਆਏ ਹਨ। ਬੇਰੁਜ਼ਗਾਰ ਸਟੈਨੋ ਟਾਈਪਿਸਟ ਯੂਨੀਅਨ ਦੇ ਮੈਂਬਰਾਂ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫ਼ਤਰ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਬੇਰੁਜ਼ਗਾਰ ਨੌਜਵਾਨ ਐਸਐਸ ਬੋਰਡ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਕੇ ਬੈਠ ਗਏ। ਜਿਸ ਕਾਰਨ ਐਸਐਸ ਬੋਰਡ ਸਮੇਤ ਵਣ ਭਵਨ ਦੀ ਇਸ ਇਮਾਰਤ ਵਿੱਚ ਚਲਦੇ ਹੋਰਨਾਂ ਵਿਭਾਗਾਂ ਦਾ ਦਫ਼ਤਰੀ ਸਟਾਫ਼ ਅੰਦਰ ਹੀ ਕੈਦ ਹੋ ਗਿਆ। ਧਰਨਾ ਪ੍ਰਦਰਸ਼ਨ ਵਿੱਚ ਬੇਰੁਜ਼ਗਾਰ ਲੜਕੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ ਅਤੇ ਬਲਕਾਰ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਸਟੈਨੋ ਟਾਈਪਿਸਟ ਪਿਛਲੇ ਪੰਜ ਸਾਲ ਤੋਂ ਪੰਜਾਬੀ ਸਟੈਨੋ ਦੀ ਤਿਆਰੀ ਕਰ ਰਹੇ ਹਨ ਅਤੇ ਸਟੈਨੋ ਟਾਈਪਿਸਟ ਦੇ ਵਿਦਿਆਰਥੀ ਕਈ ਵਾਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਬੂਹਾ ਖੜਕਾ ਚੁੱਕੇ ਹਨ ਪ੍ਰੰਤੂ ਉਨ੍ਹਾਂ ਨੂੰ ਬੋਰਡ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਦੇਣ ਦੀ ਯੋਜਨਾ ਫੇਲ੍ਹ ਸਾਬਤ ਹੋਈ ਹੈ ਅਤੇ ਹੁਕਮਰਾਨਾਂ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਚੋਣ ਵਾਅਦੇ ਅਤੇ ਜ਼ਮੀਨੀ ਹਕੀਕਤ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵੱਖ-ਵੱਖ ਵਿਭਾਗਾਂ ਕੋਲੋਂ ਸਟੈਨੋ ਟਾਈਪਿਸਟ ਦੀਆਂ ਖਾਲੀ ਅਸਾਮੀਆਂ ਬਾਰੇ ਜਾਣਕਾਰੀ ਮੰਗੀ ਗਈ ਸੀ ਤਾਂ ਕਿ ਸਟੈਨੋ ਟਾਈਪਿਸਟ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਸਕੇ। ਪ੍ਰੰਤੂ ਜਦੋਂ ਉਨ੍ਹਾਂ ਨੇ ਬੋਰਡ ਚੇਅਰਮੈਨ ਰਮਨ ਬਹਿਲ ਨੂੰ ਮੰਗ ਪੱਤਰ ਭੇਜ ਕੇ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਦੀ ਇਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਸਟੈਨੋ ਟਾਈਪਿਸਟ ਦੀ ਤਿਆਰੀ ਕਰ ਰਹੇ ਨੌਜਵਾਨਾਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਵੱਖ-ਵੱਖ ਕਾਂਗਰਸੀ ਵਿਧਾਇਕਾਂ ਨੂੰ ਵੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਪਿਛਲੇ ਪੰਜ ਸਾਲਾਂ ਤੋਂ ਤਿਆਰੀ ਕਰ ਰਹੇ ਵਿਦਿਆਰਥੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੜ ਰਹੇ ਹਨ ਅਤੇ ਹੁਣ ਤੱਕ ਸਰਕਾਰ ਨੇ ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤੇ ਦੇ ਰੂਪ ਵਿੱਚ ਇਕ ਧੇਲਾ ਵੀ ਨਹੀਂ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਐਸਐਸ ਬੋਰਡ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਲੜੀਵਾਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਬੇਰੁਜ਼ਗਾਰ ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਪ੍ਰਦਾਨ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ