ਪਾਣੀ ਦੀ ਟੈਂਕੀ ਉੱਤੇ ਮਰਨ ਵਰਤ ’ਤੇ ਬੈਠੀ ਬੇਰੁਜ਼ਗਾਰ ਅਧਿਆਪਕਾ ਦੀ ਹਾਲਤ ਵਿਗੜਨੀ ਸ਼ੁਰੂ

ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਨੂੰ ਮਸਲਾ ਛੇਤੀ ਹੱਲ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦਾ ਲੜੀਵਾਰ ਧਰਨਾ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਧਰ, ਇਨਸਾਫ਼ ਪ੍ਰਾਪਤੀ ਲਈ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਸਥਿਤ ਇਤਿਹਾਸਕ ਨਗਰ ਸੋਹਾਣਾ ਦੀ ਪਾਣੀ ਵਾਲੀ ਟੈਂਕੀ ਉੱਤੇ ਮਰਨ ਵਰਤ ’ਤੇ ਬੈਠੀ ਮਾਨਸਾ ਦੀ ਬੇਰੁਜ਼ਗਾਰ ਅਧਿਆਪਕਾ ਸਿੱਪੀ ਸ਼ਰਮਾ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਟੈਂਕੀ ਦੇ ਥੱਲੇ ਧਰਨੇ ’ਤੇ ਬੈਠੇ ਬਾਕੀ ਸਾਥੀਆਂ ਲੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੂਬਾ ਕਮੇਟੀ ਦੇ ਆਗੂ ਗੁਰਲਾਭ ਸਿੰਘ ਭੋਲਾ, ਮੋਨੂ ਪਟਿਆਲਾ, ਸੰਦੀਪ ਸਿੰਘ ਬੰਗਾ ਅਤੇ ਕਮਲ ਘੁਰਕਣੀ ਨੇ ਕਿਹਾ ਕਿ ਸਿੱਪੀ ਸ਼ਰਮਾ ਹਾਲਤ ਵਿਗੜਨ ਦੇ ਬਾਵਜੂਦ ਮਰਨ ਵਰਤ ਜਾਰੀ ਰੱਖਣ ਲਈ ਬਜ਼ਿੱਦ ਹੈ, ਉਹ ਤਿੰਨ ਦਿਨਾਂ ਤੋਂ ਮਰਨ ਵਰਤ ’ਤੇ ਬੈਠੀ ਹੈ। ਲੇਕਿਨ ਸਰਕਾਰ ਕੁੰਭਕਰਨ ਦੀ ਨੀਂਦ ਵਿੱਚ ਸੁੱਤੀ ਪਈ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਪੀਟੀਆਈ ਅਧਿਆਪਕ ਯੂਨੀਅਨ ਦੇ ਮੋਹਰੀ ਆਗੂਆਂ ਦੀ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤੈਅ ਕਰਵਾਈ ਸੀ। ਸ਼ਾਮ 6 ਵਜੇ ਪੰਜਾਬ ਭਵਨ ਵਿੱਚ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡੀਜੀਐਸਈ ਨਾਲ ਮੀਟਿੰਗ ਹੋਈ ਪ੍ਰੰਤੂ ਇਸ ਮੀਟਿੰਗ ਵਿੱਚ ਪਹਿਲਾਂ ਵਾਂਗ ਹੀ ਝੂਠੇ ਲਾਰੇ ਲਗਾ ਕੇ ਵਾਪਸ ਤੋਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਗੱਲ ਕੀਤੀ ਗਈ ਕਿ ਉਨ੍ਹਾਂ ਵੱਲੋਂ ਲਿਖੇ ਪੱਤਰ ਵਿੱਚ ਨਿਰੋਲ ਮੈਰਿਟ ਦੇ ਅਨੁਸਾਰ ਭਰਤੀ ਕਰਨ ਦੀ ਗੱਲ ਆਖੀ ਸੀ ਪਰ ਹੁਣ ਉਹ ਵੀ ਆਪਣੇ ਲਿਖੇ ਪੱਤਰ ਤੋਂ ਭੱਜਦੇ ਨਜ਼ਰ ਆ ਰਹੇ ਹਨ। ਮੀਟਿੰਗ ਵਿੱਚ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।
ਯੂਨੀਅਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਟਾਲਣਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਹੈ ਤਾਂ ਇਸ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਅਸ਼ੋਕ ਕੁਮਾਰ ਲਾਧੂਕਾ, ਨੇਹਾ ਭੁੱਲਰ, ਛਿੰਦਰਪਾਲ, ਮਿਲਖੀ, ਭੀਮ, ਨਿਰਮਲ ਸਿੰਘ, ਜੱਸੀ, ਇੰਦਰਜੀਤ ਸਿੰਘ, ਬੂਟਾ ਸਿੰਘ ਅਤੇ ਮਨਜੀਤ ਸਿੰਘ ਹਾਜ਼ਰ ਸਨ।

Load More Related Articles

Check Also

ਭਾਰਤੀ ਕਮਿਊਨਿਸ਼ਟ ਪਾਰਟੀ, ਬੁੱਧੀਜੀਵੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੇ ਮੁੱਦਿਆਂ ‘ਤੇ ਸੰਘਰਸ਼ ਦਾ ਐਲਾਨ

ਭਾਰਤੀ ਕਮਿਊਨਿਸ਼ਟ ਪਾਰਟੀ, ਬੁੱਧੀਜੀਵੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੇ ਮੁੱਦਿਆਂ ‘…