nabaz-e-punjab.com

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਏਅਰਪੋਰਟ ਰੋਡ ’ਤੇ ਚੱਕਾ ਜਾਮ

ਕੈਪਟਨ ਸਰਕਾਰ ਦੇ ਨੁਮਾਇੰਦਿਆਂ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ: ਯੂਨੀਅਨ ਆਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਸਥਿਤ ਪਾਣੀ ਦੀ ਟੈਂਕੀ ’ਤੇ ਚੜੇ ਅਤੇ ਟੈਂਕੀ ਦੇ ਥੱਲੇ ਬੇਰੁਜ਼ਗਾਰ ਬੀਐਡ ਟੈਟ ਅਤੇ ਸਬਜੈਕਟ ਪਾਸ ਅਧਿਆਪਕਾਂ ਦਾ ਧਰਨਾ ਸ਼ੁੱਕਰਵਾਰ ਨੂੰ 31ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਧਰ, ਇਸ ਦੌਰਾਨ ਧਰਨਾਕਾਰੀਆਂ ਨੇ ਏਅਰਪੋਰਟ ਰੋਡ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਬੇਰੁਜ਼ਗਾਰ ਅਧਿਆਪਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਸੀ ਕਿ ਮੁੱਖ ਮੰਤਰੀ ਦੇ ਓਐਸਡੀ ਨੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਸੋਮਵਾਰ ਨੂੰ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ 22 ਘੰਟੇ ਬਾਅਦ ਚੱਕਾ ਜਾਮ ਖੁੱਲ੍ਹਵਾਇਆ ਗਿਆ ਸੀ ਲੇਕਿਨ ਅਜੇ ਤਾਈਂ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ।
ਯੂਨੀਅਨ ਆਗੂਆਂ ਰਾਜਵੰਤ ਕੌਰ, ਯਾਦਵਿੰਦਰ ਸਿੰਘ ਲਾਲੀ ਅਤੇ ਰਾਣਾ ਧੀਮਾਨ ਨੇ ਕਿਹਾ ਕਿ ਧਰਨਾਕਾਰੀ ਆਪਣਾ ਰੁਜ਼ਗਾਰ ਦਾ ਹੱਕ ਲੈਣ ਤੱਕ ਧਰਨੇ ’ਤੇ ਡਟੇ ਰਹਿਣਗੇ। ਉਨ੍ਹਾਂ ਨੂੰ ਭਾਵੇਂ ਕਿੰਨੀਆਂ ਵੀ ਅੌਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ, ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਉਹ ਹੁਣ ਸਰਕਾਰ ਅਤੇ ਸਿਆਸੀ ਲੀਡਰਾਂ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਹਨ ਅਤੇ ਆਪਣੇ ਹੱਕਾਂ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਹੋਰ ਕਠਣ ਪ੍ਰੀਖਿਆ ਨਾ ਲਵੇ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤੀ ਪੱਤਰ ਦੇ ਕੇ ਨੌਕਰੀ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਟੈਂਕੀ ਤੇ ਬੈਠੇ ਪ੍ਰਵੀਨ ਰਾਣੀ, ਬਰਜਿੰਦਰ ਕੌਰ ਨਾਭਾ, ਹਰਵਿੰਦਰ ਸਿੰਘ, ਵਿਜੈ ਕੁਮਾਰ ਤੇ ਸਤਨਾਮ ਸਿੰਘ ਨੇ ਕਿਹਾ ਕਿ ਉਹ ਰੁਜਗਾਰ ਸਬੰਧੀ ਨਿਯੁਕਤੀ ਪੱਤਰ ਲੈ ਕੇ ਹੀ ਥੱਲੇ ਉਤਰਣਗੇ ਅਤੇ ਇਸ ਲਈ ਭਾਵੇਂ ਹੋਰ ਕਿੰਨੇ ਦਿਨ ਟੈਂਕੀ ’ਤੇ ਬੈਠਣਾ ਪਵੇ। ਇਸ ਧਰਨੇ ਵਿੱਚ ਨੀਲਮ ਫਿਰੋਜਪੁਰ, ਕਿਰਨ ਬਾਲਾ, ਅਨੀਤਾ, ਹਰਗੁਣਜੀਤ ਕੌਰ, ਸੰਦੀਪ ਕੌਰ, ਜੋਤੀ ਬਾਲਾ, ਜਸਵੀਰ ਕੌਰ, ਅਮਨ, ਰਘਵੀਰ ਕੌਰ, ਜਸਵਿੰਦਰ ਕੌਰ, ਦਵਿੰਦਰ ਕੌਰ, ਰਾਜਵੀਰ ਕੌਰ, ਨਿਸ਼ਾ ਰਾਣੀ, ਨੀਰੂ ਬਾਲਾ, ਬੂਟਾ ਸਿੰਘ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਕੁਲਰਾਜ ਸਿੰਘ, ਬਲਤੇਜ ਸਿੰਘ, ਰਣਧੀਰ ਸਿੰਘ, ਅੰਕਿਤ ਤੇ ਦਲਜੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…