ਇਨਸਾਫ਼ ਲਈ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ

ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਇਨਸਾਫ਼ ਲਈ ਪਾਦੀ ਦੀ ਟੈਂਕੀ ’ਤੇ ਚੜ੍ਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਮੁਲਾਜ਼ਮ ਵਰਗ ਦਾ ਰੋਹ ਭਖਦਾ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਅਧਿਆਪਕ ਲੰਘੀ ਦੇਰ ਰਾਤ (ਅੱਧੀ ਰਾਤ) ਸਮੇਂ ਅਚਾਨਕ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਪਿੰਡ ਸੋਹਾਣਾ ਦੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਬੇਰੁਜ਼ਗਾਰ ਪੀਟੀਆਈ 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਸਿੱਪੀ ਸ਼ਰਮਾ ਅਤੇ ਵੀਰਪਾਲ ਕੌਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹ ਗਈਆਂ। ਕਈ ਹੋਰ ਬੇਰੁਜ਼ਗਾਰ ਵੀ ਟੈਂਕੀ ’ਤੇ ਚੜ੍ਹੇ ਹੋਏ ਹਨ ਜਦੋਂਕਿ ਉਨ੍ਹਾਂ ਦੇ ਸਾਥੀ ਸੂਬਾ ਪ੍ਰਧਾਨ ਗੁਰਲਾਭ ਸਿੰਘ ਦੀ ਅਗਵਾਈ ਹੇਠ ਪਾਣੀ ਵਾਲੀ ਟੈਂਕੀ ਦੇ ਥੱਲੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਬੇਰੁਜ਼ਗਾਰ ਅਧਿਆਪਕ, ਈਟੀਟੀ ਅਧਿਆਪਕ ਅਤੇ ਟੈੱਟ ਪਾਸ ਉਮੀਦਵਾਰ ਸਮੇਤ ਹੋਰ ਜਥੇਬੰਦੀਆਂ ਦੇ ਮੈਂਬਰ ਪਾਣੀ ਦੀ ਟੈਂਕੀ ’ਤੇ ਚੜ੍ਹ ਦੇ ਰਹੇ ਹਨ। ਹਾਲਾਂਕਿ ਉਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਮੱਸਿਆ ਦੇ ਹੱਲ ਲਈ ਟੈਂਕੀ ’ਤੇ ਚੜ੍ਹਨ ਵਾਲੀਆਂ ਪੌੜੀਆਂ ਨੂੰ ਅੱਧ ਵਿਚਕਾਰੋਂ ਤੋੜ ਦਿੱਤਾ ਸੀ ਲੇਕਿਨ ਬੀਤੀ ਰਾਤ 12 ਵਜੇ ਬੇਰੁਜ਼ਗਾਰ ਅਧਿਆਪਕ ਲੱਕੜ ਦੀ ਪੌੜੀ ਜੋੜ ਕੇ ਪਾਣੀ ਦੀ ਟੈਂਕੀ ਉੱਤੇ ਚੜ੍ਹਨ ਵਿੱਚ ਸਫਲ ਹੋ ਗਏ। ਸੂਚਨਾ ਮਿਲਦੇ ਹੀ ਪੰਜਾਬ ਪੁਲੀਸ ਦੇ ਸਪੈਸ਼ਲ ਸੈੱਲ ਦੇ ਡੀਐਸਪੀ ਨਰਿੰਦਰ ਪਾਲ ਚੌਧਰੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਗੱਲੀਬਾਤੀਂ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਜਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਤਰਫ਼ੋਂ ਲਿਖਤੀ ਭਰੋਸਾ ਦੇਣ ਦੀ ਗੱਲ ’ਤੇ ਅੜੇ ਰਹੇ। ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਸੀ।
ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਨੇ ਦੱਸਿਆ ਕਿ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਸੇ ਪਾਣੀ ਵਾਲੀ ਟੈਂਕੀ ਤੋਂ ਇਹ ਭਰੋਸਾ ਦੇ ਕੇ ਥੱਲੇ ਉਤਾਰਿਆ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਉਪਰੰਤ ਪਹਿਲ ਦੇ ਆਧਾਰ ’ਤੇ ਉਨ੍ਹਾਂ ਮਸਲਾ ਹੱਲ ਕੀਤਾ ਜਾਵੇਗਾ। ਉਸ ਸਮੇਂ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀ ਸਿੱਪੀ ਸ਼ਰਮਾ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੀ ਛੋਟੀ ਭੈਣ ਦੱਸਦਿਆਂ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਸਰਕਾਰ ਬਣਨ ’ਤੇ ਕਿਸੇ ਮੁਲਾਜ਼ਮ ਜਥੇਬੰਦੀ ਜਾਂ ਆਮ ਨਾਗਰਿਕਾਂ ਨੂੰ ਇਨਸਾਫ਼ ਲਈ ਧਰਨੇ ਮੁਜ਼ਾਹਰੇ ਨਹੀਂ ਦੇਣ ਪੈਣਗੇ, ਸਭ ਨੂੰ ਸਮੇਂ ਸਿਰ ਇਨਸਾਫ਼ ਮਿਲਣਾ ਯਕੀਨੀ ਬਣਾਇਆ ਜਾਵੇਗਾ ਪਰ ਜਿਸ ਦਿਨ ਤੋਂ ਆਪ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਸੂਬੇ ਵਿੱਚ ਲੜੀਵਾਰ ਧਰਨੇ ਚੱਲ ਰਹੇ ਹਨ।

ਪਿਛਲੇ ਦਿਨੀਂ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਦੇਸੂਮਾਜਰਾ ਵਿਖੇ ਪੰਜਾਬ ਰੋਡਵੇਜ, ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਸੀ ਅਤੇ ਕੌਮੀ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…