nabaz-e-punjab.com

ਮੁੱਖ ਮੰਤਰੀ ਦੇ ਓਐਸਡੀ ਦੇ ਭਰੋਸੇ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਨੇ 22 ਘੰਟੇ ਬਾਅਦ ਖੋਲ੍ਹਿਆ ਜਾਮ

ਜੇਕਰ ਸੋਮਵਾਰ ਨੂੰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਵਿੱਚ ਮਸਲਾ ਹੱਲ ਨਹੀਂ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ
ਇੱਥੋਂ ਦੇ ਪਿੰਡ ਸੋਹਾਣਾ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਨੇੜੇ ਸਥਿਤ ਪਾਣੀ ਦੀ ਟੈਂਕੀ ’ਤੇ ਚੜੇ ਬੀਐਡ ਬੇਰੁਜ਼ਗਾਰ ਟੈੱਟ ਤੇ ਸਬਜੈਕਟ ਪਾਸ ਯੂਨੀਅਨ ਦੇ ਮੈਂਬਰ ਵਰਿੰਦਰਜੀਤ ਕੌਰ ਨਾਭਾ, ਪਰਵੀਨ ਕੁਮਾਰੀ ਫਾਜ਼ਿਲਕਾ, ਹਰਵਿੰਦਰ ਸਿੰਘ ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੇ ਕੁਮਾਰ ਨਾਭਾ ਦਾ ਮਰਨ ਵਰਤ ਜਾਰੀ ਹੈ। ਉਧਰ, ਬੀਐਡ ਬੇਰੁਜ਼ਗਾਰ ਟੈੱਟ ਤੇ ਸਬਜੈਕਟ ਪਾਸ ਯੂਨੀਅਨ ਦਾ ਧਰਨਾ ਸ਼ਨੀਵਾਰ ਨੂੰ 25ਵੇਂ ਦਿਨ ਵਿੱਚ ਦਾਖ਼ਲ ਹੋਇਆ ਗਿਆ ਹੈ।
ਇਸ ਮੌਕੇ ਮੁਹਾਲੀ ਦੇ ਐਸਡੀਐਮ ਡਾ. ਆਰ.ਪੀ. ਸਿੰਘ, ਐਸਪੀ ਸਿਟੀ ਜਗਜੀਤ ਸਿੰਘ ਜੱਲ੍ਹਾ, ਤਹਿਸੀਲਦਾਰ ਜਸਪਾਲ ਸਿੰਘ, ਡੀਐਸਪੀ (ਖੁਫ਼ੀਆ ਵਿੰਗ) ਜੋਬਨ ਸਿੰਘ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਟੈਂਕੀ ’ਤੇ ਚੜੀਆਂ ਅੌਰਤਾਂ ਤੇ ਹੋਰਨਾਂ ਵਿਅਕਤੀਆਂ ਨੂੰ ਥੱਲੇ ਆਉਣ ਦੀ ਅਪੀਲ ਕੀਤੀ ਲੇਕਿਨ ਉਹ ਟੈਂਕੀ ਤੋਂ ਹੇਠਾਂ ਆਉਣ ਲਈ ਰਾਜ਼ੀ ਨਹੀਂ ਹੋਏ। ਉਂਜ ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਦਲਜੀਤ ਸਿੰਘ ਦਿੜਬਾ ਦੀ ਸਿਹਤ ਖਰਾਬ ਹੁੰਦੇ ਦੇਖ ਕੇ ਸਾਥੀਆਂ ਯੂਨੀਅਨ ਆਗੂਆਂ ਨੇ ਜੂਸ ਪਿਲਾ ਕੇ ਉਸ ਦੀ ਮਰਨ ਵਰਤ ਖ਼ਤਮ ਕਰਵਾਇਆ।
ਇਸ ਮੌਕੇ ਯੂਨੀਅਨ ਦੀ ਪ੍ਰਧਾਨ ਪੂਨਮ ਰਾਣੀ ਨਵਾਂ ਸ਼ਹਿਰ, ਰਾਜਪਾਲ ਖਨੋਰੀ, ਯਾਦਵਿੰਦਰ ਸਿੰਘ ਲਾਲੀ, ਹਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਮੁੱਖ ਮੰਤਰੀ ਨਾਲ ਜਾਂ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਵਿੱਚ ਉਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਹ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਮੰਗਲਵਾਰ ਨੂੰ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹੁਣ ਉਹ ਝੂਠੇ ਲਾਰਿਆ ਵਿੱਚ ਨਹੀਂ ਆਉਣਗੇ ਸਗੋਂ ਸਰਕਾਰੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਲੈ ਕੇ ਹੀ ਘਰ ਜਾਣਗੇ। ਉਨ੍ਹਾਂ ਇਹ ਵੀ ਧਮਕੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟੈਂਕੀ ਉੱਤੇ ਚੜੇ ਵਿਅਕਤੀ ਹੇਠਾਂ ਛਾਲਾਂ ਮਾਰ ਕੇ ਸਮੂਹਿਕ ਆਤਮਦਾਹ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੱਸਿਆ ਕਿ ਉਹ ਬੀ ਐਡ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰ ਚੁੱਕੇ ਹਨ। ਇਹੀ ਨਹੀਂ ਉਹ ਸਾਰੇ ਸਬਜੈਕਟ ਟੈਸਟ ਵੀ ਪਾਸ ਕਰ ਚੁੱਕੇ ਹਨ ਲੇਕਿਨ ਅਜੇ ਤਾਈਂ ਸਰਕਾਰ ਨੇ ਉਨ੍ਹਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ। ਸਰਕਾਰ ਵੱਲੋਂ ਨੌਕਰੀ ਨਾ ਦੇਣ ਕਰਕੇ ਕਈ ਬੇਰੁਜ਼ਗਾਰ ਅਧਿਆਪਕ ਉਮਰ ਹੱਦ ਟੱਪ ਗਏ ਹਨ। ਅਨੇਕਾਂ ਹੀ ਬੇਰੁਜ਼ਗਾਰੀ ਅਧਿਆਪਕ ਉਮਰ ਹੱਦ ਟੱਪਣ ਦੀ ਸੀਮਾ ’ਤੇ ਪਹੁੰਚ ਗਏ ਹਨ।
ਉਧਰ, ਬੀਤੇ ਦਿਨੀਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਬੇਸਿੱਟਾ ਰਹਿਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਨੇ 200 ਫੁੱਟ ਚੌੜੀ ਏਅਰਪੋਰਟ ਸੜਕ ’ਤੇ ਕੈਪਟਨ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਚੱਕਾ ਜਾਮ ਕੀਤਾ ਗਿਆ ਸੀ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਸ਼ਾਮੀ 4 ਵਜੇ ਤੋਂ ਲੈ ਕੇ ਅੱਜ ਦੂਜੇ ਦਿਨ 2 ਵਜੇ ਤੱਕ ਚੱਕਾ ਜਾਮ ਰਿਹਾ। ਇਸ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਈ ਜਾਵੇਗੀ। ਜੇਕਰ ਕਿਸੇ ਕਾਰਨ ਮੁੱਖ ਮੰਤਰੀ ਇੱਥੇ ਨਾ ਹੋਏ ਤਾਂ ਸਿੱਖਿਆ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਈ ਜਾਵੇਗੀ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਕੀਤਾ ਚੱਕਾ ਜਾਮ ਖੋਲ੍ਹ ਦਿੱਤਾ।
ਇਸ ਮੌਕੇ ਸੁਰਿੰਦਰ ਸਿੰਘ, ਰੋਹਿਤ ਅਨੇਜਾ, ਹਰਵਿੰਦਰ ਸਿੰਘ, ਹਰਦਮ ਸਿੰਘ, ਪ੍ਰੀਤਮ ਸਿੰਘ, ਮਨਜੀਤ ਕੌਰ, ਗੁਰਮੀਤ ਕੌਰ, ਹਰਦੀਪ ਸਿੰਘ, ਜਗਦੀਪ ਸਿੰਘ, ਕੁਲਰਾਜ ਸਿੰਘ, ਜੈਸਮੀਨ ਕੌਰ ਸੰਗਰੂਰ, ਆਰਤੀ ਫਿਲੋਰ, ਨੀਲਮ ਫਿਰੋਜ਼ਪੁਰ, ਰਾਣਾ ਧੀਮਾਨ, ਜਗਤਾਰ ਸਿੰਘ, ਲਖਵਿੰਦਰ ਸਿੰਘ, ਤਨਵੀ ਧੀਮਾਨ, ਹਰਮੀਤ ਕੌਰ, ਪ੍ਰਵੀਨ ਰਾਣੀ, ਰੇਸ਼ਮਾ, ਮੀਨਾ ਰਾਣੀ, ਸ਼ਰਨਜੀਤ ਕੌਰ, ਮੇਘਾ ਖੰਨਾ, ਅਮਨਦੀਪ ਕੌਰ ਪਿੰਡ ਬੂਟਾ ਭਾਈ ਰੂਪਾ, ਤੇਜਿੰਦਰ ਅੱਪਰਾ, ਰਾਜਵੰਤ ਕੌਰ ਫਤਹਿਗੜ੍ਹ ਸਾਹਿਬ, ਮਨਦੀਪ ਕੌਰ ਰੂਪਨਗਰ, ਸੋਨੀਆ, ਤਰਸੇਮ ਸਿੰਘ, ਪ੍ਰੋਮਿਲਾ ਦੇਵੀ, ਅੰਕਿਤਾ ਕੁਮਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…