Share on Facebook Share on Twitter Share on Google+ Share on Pinterest Share on Linkedin ਸਰਕਾਰੀ ਭਰੋਸੇ ਮਗਰੋਂ ਬੇਰੁਜ਼ਗਾਰ ਅਧਿਆਪਕਾ ਨੇ ਧਰਨਾ ਚੁੱਕਿਆ, ਮੁਹਾਲੀ ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ ਜ਼ਿਲ੍ਹਾ ਪ੍ਰਸ਼ਾਸਨ ਨੇ ਧਰਨਾਕਾਰੀਆਂ ਦਾ ਕੀਤਾ ਹੁੱਕਾ ਪਾਣੀ ਬੰਦ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਿੱਤਾ ਖਾਣ ਪੀਣ ਦਾ ਸਮਾਨ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ: ਪਿੰਡ ਸੋਹਾਣਾ ਵਿੱਚ ਲੜੀਵਾਰ ਧਰਨੇ ਉਪਰ ਬੈਠੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁਹਾਲੀ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਜਾਮ ਕੀਤੇ ਹੋਏ 36 ਘੰਟੇ ਬਾਅਦ ਆਖਰਕਾਰ ਮੁਹਾਲੀ ਪ੍ਰਸ਼ਾਸਨ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਦੇਰ ਰਾਤ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਦੇ ਦਿੱਤੇ ਸਰਕਾਰੀ ਭਰੋਸੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਸੋਮਵਾਰ ਦੇਰ ਸ਼ਾਮੀ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਭਰੋਸਾ ਦਿੱਤਾ ਕਿ ਟੈੱਟ ਪਾਸ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਜਲਦੀ ਮੰਨੀਆਂ ਜਾਣਗੀਆਂ ਅਤੇ ਜਲਦੀ ਹੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਈ ਜਾਵੇਗੀ। ਇਸ ਮੌਕੇ ਕੈਪਟਨ ਸੰਧੂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਧਰਨਾ ਖਤਮ ਕਰਵਾਇਆ। ਮੁਹਾਲੀ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੇ ਠਹਿਰਨ ਲਈ ਯੋਗ ਪ੍ਰਬੰਧ ਕੀਤਾ ਜਾਵੇਗਾ। ਯੂਨੀਅਨ ਦੀ ਸੂਬਾ ਪ੍ਰਧਾਨ ਪੂਨਮ ਰਾਣੀ, ਯਾਦਵਿੰਦਰ ਸਿੰਘ ਲਾਲੀ, ਵਰਿੰਦਰਜੀਤ ਕੌਰ ਨਾਭਾ ਅਤੇ ਹੋਰਨਾਂ ਨੇ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੇ ਵਾਅਦੇ ’ਤੇ ਕਾਇਮ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਮੈਂਬਰ ਭਲਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ। ਇਸ ਤੋਂ ਪਹਿਲਾਂ ਦਿਨ ਭਰ ਕਾਫੀ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਇਹ ਅਧਿਆਪਕ ਸੜਕ ਜਾਮ ਰੱਖਣ ਅਤੇ ਆਪਣਾ ਸੰਘਰਸ਼ ਚਲਦਾ ਰੱਖਣ ਲਈ ਅੜੇ ਹੋਏ ਸਨ। ਬੀਤੀ ਸ਼ਾਮ ਪੁਲੀਸ ਵੱਲੋਂ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਲੰਗਰ ਪਾਣੀ ਵੀ ਬੰਦ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਇਹ ਬੇਰੁਜ਼ਗਾਰ ਅਧਿਆਪਕ ਉਥੇ ਡਟੇ ਹੋਏ ਹਨ। ਪੁਲੀਸ ਨੇ ਇਹਨਾਂ ਅਧਿਆਪਕਾਂ ਲਈ ਗੁਰਦੁਆਰਾ ਸਾਹਿਬ ’ਚੋਂ ਆਉਂਦਾ ਲੰਗਰ ਵੀ ਰੋਕ ਦਿੱਤਾ ਸੀ ਅਤੇ ਕਿਹਾ ਗਿਆ ਸੀ ਕਿ ਜਿਸ ਨੇ ਵੀ ਲੰਗਰ ਪਾਣੀ ਛਕਣਾ ਹੈ, ਉਹ ਖ਼ੁਦ ਗੁਰਦੁਆਰਾ ਸਾਹਿਬ ਵਿਚ ਜਾ ਕੇ ਛਕੇ ਪ੍ਰੰਤੂ ਜਿਹੜਾ ਵੀ ਬੇਰੁਜ਼ਗਾਰ ਅਧਿਆਪਕ ਧਰਨੇ ਵਾਲੀ ਥਾਂ ਤੋਂ ਰੋਟੀ ਖਾਣ ਲਈ ਚਲਾ ਜਾਂਦਾ ਹੈ ਤਾਂ ਉਸ ਨੂੰ ਪੁਲੀਸ ਵੱਲੋਂ ਧਰਨੇ ਵਾਲੀ ਥਾਂ ਹੀ ਆਉਣ ਨਹੀਂ ਦਿੱਤਾ ਜਾ ਰਿਹਾ ਸੀ। ਧਰਨਾਕਾਰੀ ਬੇਰੁਜ਼ਗਾਰਾਂ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਵਾਟਰ ਵਰਕਸ ਨੇੜੇ ਬਣਿਆ ਬਾਥਰੂਮ ਵੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਮਹਿਲਾ ਬੇਰੁਜਗਾਰ ਅਧਿਆਪਕਾਂ ਨੂੰ ਬਾਥਰੂਮ ਜਾਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੇ ਜੋਨਲ ਇੰਚਾਰਜ ਮਾਲਵਾ ਦਲਬੀਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਿਉਂਸਪਲ ਕਾਰਪੋਰੇਸ਼ਨ ਖੇਤਰ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਸਾਥੀਆਂ ਸਮੇਤ ਖਾਣ ਪੀਣ ਦਾ ਸਮਾਨ ਲੈ ਕੇ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ। ਇਸ ਮੌਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪ੍ਰਧਾਨ ਮੈਡਮ ਪੂਨਮ ਨੇ ਆਪ ਆਗੂਆਂ ਨੂੰ ਰੱਖੜੀ ਬੰਨੀ ਅਤੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਉਪਰੰਤ ਆਪ ਆਗੂਆਂ ਨੇ ਏਡੀਸੀ ਸ੍ਰ. ਚਰਨਦੇਵ ਮਾਨ ਨਾਲ ਮੁਲਾਕਾਤ ਕੀਤੀ ਅਤੇ ਧਰਨਾਕਾਰੀਆਂ ਨੂੰ ਲੰਗਰ ਪਾਣੀ ਬਹਾਲ ਕਰਨ ਦੀ ਮੰਗ ਕੀਤੀ। ਸੋਹਾਣਾ ਵਾਟਰ ਵਰਕਸ ਦੀ ਮੁਲਾਜਮ ਲਕਸ਼ਮੀ ਬਾਈ ਨੇ ਦੱਸਿਆ ਕਿ ਉਸ ਨੂੰ ਆਪਣੇ ਲਈ ਵੀ ਸਬਜ਼ੀ ਲਿਆਉਣ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਵੀ ਧਰਨਾਕਾਰੀਆਂ ਵਾਂਗ ਕੱਲ ਤੋਂ ਹੀ ਭੁੱਖੀ ਹੈ। ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ ਬੀਤੀ ਰਾਤ ਸੋਹਾਣਾ ਵਿੱਚ ਸੜਕ ਜਾਮ ਕਰੀ ਬੈਠੇ ਧਰਨਾਕਾਰੀ ਬੇਰੁਜ਼ਗਾਰ ਅਧਿਆਪਕਾਂ ਦੀ ਕਵਰੇਜ ਕਰਨ ਤੋਂ ਪੁਲੀਸ ਅਧਿਕਾਰੀਆਂ ਨੇ ਮੀਡੀਆ ਕਰਮੀਆਂ ਨੂੰ ਰੋਕ ਦਿੱਤਾ। ਇਸ ਮੌਕੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਮੀਡੀਆ ਕਰਮੀਆਂ ਨਾਲ ਬਹੁਤ ਹੀ ਰੁਖੇ ਲਹਿਜੇ ਵਿੱਚ ਗੱਲਬਾਤ ਕੀਤੀ ਅਤੇ ਕਿਹਾ ਕਿ ਮੀਡੀਆ ਨੂੰ ਦੇਖ ਕੇ ਇਹ ਧਰਨਾਕਾਰੀ ਜੋਸ਼ ਵਿੱਚ ਆ ਜਾਂਦੇ ਹਨ ਅਤੇ ਫਿਰ ਖ਼ੁਦਕੁਸ਼ੀ ਕਰਨ ਦਾ ਯਤਨ ਕਰਨ ਵਰਗਾ ਕਦਮ ਚੁੱਕ ਸਕਦੇ ਹਨ, ਜਿਸ ਕਰਕੇ ਫਿਰ ਮੀਡੀਆ ਕਰਮੀਆਂ ਉਪਰ ਹੀ ਪਰਚਾ ਦਰਜ ਕਰਨਾ ਪਵੇਗਾ। ਇਸ ਕਾਰਨ ਸਥਾਨਕ ਮੀਡੀਆ ਕਰਮੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਅਤੇ ਉਹਨਾਂ ਨੇ ਇਹ ਮਾਮਲਾ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਐਸੋਸੀਏਸ਼ਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕੇਸ਼ਾਹੀ ਦੀ ਨਿਖੇਧੀ ਪੰਜਾਬ ਸਕੂਲ ਸਿਖਿਆ ਬੋਰਡ ਰਿਟਾਇਰਡ ਐਸੋਸੀਏਸ਼ਨ ਨੇ ਸੋਹਾਣਾ ਵਿਖੇ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ ਦਾ ਪੁਲੀਸ ਵੱਲੋਂ ਲੰਗਰ ਪਾਣੀ ਬੰਦ ਕਰਨ ਦੀ ਨਿਖੇਧੀ ਕੀਤੀ ਹੈ। ਇੱਕ ਬਿਆਨ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੇਵਾਲ ਨੇ ਕਿਹਾ ਕਿ ਇਹ ਅਧਿਆਪਕ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਹਨ ਅਤੇ ਪੁਲੀਸ ਨੇ ਧੱਕੇਸ਼ਾਹੀ ਕਰਦਿਆਂ ਇਹਨਾਂ ਦਾ ਲੰਗਰ ਪਾਣੀ ਹੀ ਬੰਦ ਕਰ ਦਿੱਤਾ ਹੈ,ਜੋ ਕਿ ਨਾਦਰਸ਼ਾਹੀ ਫੁਰਮਾਨ ਹੈ। ਉਹਨਾਂ ਕਿਹਾ ਕਿ ਇਹਨਾਂ ਬੇਰੁਜ਼ਗਾਰਾਂ ਵਿੱਚ ਉਹ ਅਧਿਆਪਕਾਵਾਂ ਵੀ ਹਨ। ਜਿਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਵੀ ਹਨ। ਉਹਨਾਂ ਕਿਹਾ ਕਿ ਜਦੋਂ ਉਹ ਪਾਣੀ ਅਤੇ ਚਾਹ ਲੈ ਕੇ ਧਰਨੇ ਵਾਲੀ ਥਾਂ ਪਹੁੰਚੇ ਤਾਂ ਪੁਲੀਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਬੇਰੁਜ਼ਗਾਰ ਅਧਿਆਪਕਾਂ ਤਕ ਪਹੁੰਚ ਣ ਹੀ ਨਹੀਂ ਦਿੱਤਾ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਟੈਂਕੀ ਤੋਂ ਥੱਲੇ ਉਤਰਦੇ ਸਾਰ ਹੀ ਜਿੱਥੇ ਸੁੱਖ ਦਾ ਸਾਹ ਲਿਆ, ਉੱਥੇ ਟੈਂਕੀ ਦੀ ਸਿੱਖਰ ਤੱਕ ਜਾਣ ਵਾਲੀਆਂ ਪੌੜੀਆਂ ਵੀ ਤੋੜ ਦਿੱਤੀਆਂ ਤਾਂ ਜੋ ਕੋਈ ਪ੍ਰਦਰਸ਼ਨਕਾਰੀ ਦੁਬਾਰਾ ਫਿਰ ਤੋਂ ਟੈਂਕੀ ਉੱਤੇ ਹੀ ਨਾ ਚੜ੍ਹ ਸਕੇ। ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਟੈਂਕੀ ਉੱਤੇ ਚੜ੍ਹ ਕੇ ਕੁੱਝ ਮੁਲਾਜ਼ਮ ਜਥੇਬੰਦੀਆਂ ਦੇ ਮੈਂਬਰ ਰੋਸ ਪ੍ਰਗਟ ਕਰ ਚੁੱਕੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ 55 ਦਿਨਾਂ ਤੋਂ ਬੀਐਡ ਬੇਰੁਜ਼ਗਾਰ ਟੈੱਟ ਤੇ ਸਬਜੈਕਟ ਪਾਸ 5 ਉਮੀਦਵਾਰ ਇਤਿਹਾਸਕ ਨਗਰ ਸੋਹਾਣਾ ਵਿੱਚ ਪਾਣੀ ਦੀ ਟੈਂਕੀ ’ਤੇ ਚੜੇ ਹੋਏ ਸੀ ਜਦੋਂ ਕਿ ਬਾਕੀ ਸੈਂਕੜੇ ਦੀ ਗਿਣਤੀ ਵਿੱਚ ਟੈਂਕੀ ਦੇ ਹੇਠਾਂ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਸੀ ਅਤੇ ਪਿੱਛਲੇ 36 ਘੰਟੇ ਤੋਂ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਧਰਨਾ ਲਗਾਈ ਬੈਠੇ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ