Nabaz-e-punjab.com

ਬੇਰੁਜ਼ਗਾਰ ਅਧਿਆਪਕ ਨਿੱਜੀ ਸੁਣਵਾਈ ਲਈ ਹੋ ਰਹੇ ਨੇ ਡਾਢੇ ਖੱਜਲ-ਖੁਆਰ

ਨਿੱਜੀ ਸੁਣਵਾਈ ਲਈ ਸਿੱਖਿਆ ਭਵਨ ਵਿੱਚ ਸੱਦੇ ਬੇਰੁਜ਼ਗਾਰ ਅਧਿਆਪਕ ਨਿਰਾਸ਼ ਘਰਾਂ ਨੂੰ ਪਰਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਪੰਜਾਬ ਸਰਕਾਰ ਜਿੱਥੇ ਨੌਜਵਾਨਾਂ ਨੂੰ ਆਪਣੇ ਚੋਣ ਵਾਅਦੇ ਅਨੁਸਾਰ ਘਰ ਘਰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਉੱਥੇ ਸਿੱਖਿਆ ਵਿਭਾਗ ਦੀਆਂ ਵਧੀਕੀਆਂ ਕਾਰਨ ਬੇਰੁਜ਼ਗਾਰ ਅਧਿਆਪਕਾਂ ਨੂੰ ਨਿੱਜੀ ਸੁਣਵਾਈ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਪ੍ਰੰਤੂ ਕੋਈ ਉੱਚ ਅਧਿਕਾਰੀ ਉਨ੍ਹਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹੈ। ਪੀੜਤ ਮਨੀਸ਼ ਫਰੀਦਕੋਟ, ਰਾਧੇ ਅਬੋਹਰ, ਸੰਦੀਪ ਸਿੰਘ, ਹਰਵੀਰ ਕੌਰ, ਸੁਰਿੰਦਰ ਕੌਰ, ਬਨਾਰਸੀ ਦਾਸ ਅਤੇ ਗੁਰਸੇਵਕ ਸਿੰਘ ਬੇਰੁਜ਼ਗਾਰ ਸਮੇਤ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸੋਮਵਾਰ ਨੂੰ ਉਨ੍ਹਾਂ (ਪਟੀਸ਼ਨਰਾਂ) ਨੂੰ ਨਿੱਜੀ ਸੁਣਵਾਈ ਲਈ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਵਿੱਚ ਸੱਦਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਟੀਸ਼ਨਰ (ਬੇਰੁਜ਼ਗਾਰ ਅਧਿਆਪਕ) ਵਰ੍ਹਦੇ ਮੀਂਹ ਵਿੱਚ ਬੜੀ ਮੁਸ਼ਕਲ ਨਾਲ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਪਹੁੰਚੇ ਸੀ। ਇੱਥੇ ਪਹੁੰਚਣ ਦੀ ਪਹਿਲਾਂ ਉਨ੍ਹਾਂ ਦੀ ਹਾਜ਼ਰੀ ਲਗਾਈ ਗਈ। ਇਸ ਉਪਰੰਤ ਨੂੰ ਦੱਸਿਆ ਗਿਆ ਕਿ ਸਿੱਖਿਆ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਇਹ ਮੀਟਿੰਗ ਮੰਗਲਵਾਰ ਨੂੰ ਹੋਵੇਗੀ। ਪੀੜਤਾਂ ਨੇ ਦੱਸਿਆ ਕਿ ਅੱਜ ਉਹ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਪੈਣ ਦੇ ਬਾਵਜੂਦ ਮੀਟਿੰਗ ਲਈ ਆ ਰਹੇ ਸੀ। ਉਹ ਜਿਵੇਂ ਹੀ ਮੁਹਾਲੀ-ਚੰਡੀਗੜ੍ਹ ਦੇ ਨੇੜੇ ਪਹੁੰਚੇ ਤਾਂ ਭਰਤੀ ਬੋਰਡ ਦੀ ਸਹਾਇਕ ਡਾਇਰੈਕਟਰ ਕੁਲਵਿੰਦਰ ਕੌਰ ਨੇ ਫੋਨ ਕਰਕੇ ਕਹਿ ਦਿੱਤਾ ਕਿ ਅੱਜ ਵਾਲੀ ਮੀਟਿੰਗ ਵੀ ਮੁਲਤਵੀ ਹੋ ਗਈ ਹੈ। ਜਿਸ ਕਾਰਨ ਅੱਜ ਵੀ ਉਨ੍ਹਾਂ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਬੇਰੰਗ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਸਿੱਖਿਆ ਵਿਭਾਗ ਦੀ ਗਲਤੀ ਕਾਰਨ ਪਿਛਲੇ ਅੱਠ ਸਾਲ ਤੋਂ ਬਿਨਾਂ ਕਸੂਰ ਤੋਂ ਬੇਰੁਜ਼ਗਾਰ ਦਾ ਸੰਤਾਪ ਭੋਗ ਰਹੇ ਹਨ ਪ੍ਰੰਤੂ ਸਿੱਖਿਆ ਅਧਿਕਾਰੀ ਉਨ੍ਹਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਨੂੰ ਖੱਜਲ-ਖੁਆਰ ਕਰ ਰਹੇ ਹਨ।
ਪੀੜਤ ਪਟੀਸ਼ਨਰਾਂ ਨੇ ਮੰਗ ਕੀਤੀ ਕਿ ਨਿੱਜੀ ਸੁਣਵਾਈ ਕਰਕੇ ਉਨ੍ਹਾਂ ਦਾ ਪੱਖ ਸੁਣ ਕੇ ਯੋਗ ਹੱਲ ਕੱਢਿਆ ਜਾਵੇ ਅਤੇ ਉਨ੍ਹਾਂ ਨੂੰ ਨੌਕਰੀ ਦਾ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਸਾਰੇ ਬੇਰੁਜ਼ਗਾਰ ਅਧਿਆਪਕ 3442, 5178 ਅਤੇ 50 ਅਸਾਮੀਆਂ ਵਿੱਚ ਨੌਕਰੀ ਕਰ ਰਹੇ ਅਧਿਆਪਕਾਂ ਤੋਂ ਉੱਚੀ ਮੈਰਿਟ ਰੱਖਦੇ ਹਨ ਪਰ ਸਿੱਖਿਆ ਵਿਭਾਗ ਵੱਲੋਂ ਟੈੱਟ ਪ੍ਰੀਖਿਆ-2011 ਅਤੇ ਟੈੱਟ ਪ੍ਰੀਖਿਆ-2013 ਦਾ ਨਤੀਜਾ 2017 ਵਿੱਚ ਸੋਧ ਕੇ ਦੇਣ ਕਾਰਨ ਉਹ ਨੌਕਰੀ ਤੋਂ ਵਾਂਝੇ ਰਹਿ ਗਏ ਸਨ ਅਤੇ ਹੁਣ ਤੱਕ ਆਪਣੀਆਂ ਹੱਕੀ ਮੰਗਾਂ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸਿੱਖਿਆ ਵਿਭਾਗ ਦਾ ਪੱਖ ਜਾਣਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਦੋਵੇਂ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ। ਜਦੋਂਕਿ ਡੀਪੀਆਈ ਸੁਖਜੀਤਪਾਲ ਸਿੰਘ ਦਾ ਫੋਨ ਲਗਾਤਾਰ ਬੀਜੀ ਆ ਰਿਹਾ ਸੀ। ਇਸ ਮਗਰੋਂ ਵਿਭਾਗ ਦੇ ਬੁਲਾਰੇ ਰਜਿੰਦਰ ਸਿੰਘ ਚਾਨੀ ਨਾਲ ਫੋਨ ’ਤੇ ਕਰਕੇ ਕਿਸੇ ਸਮਰਥ ਅਧਿਕਾਰੀ ਦਾ ਪੱਖ ਭੇਜਣ ਲਈ ਕਿਹਾ ਗਿਆ ਪ੍ਰੰਤੂ ਉਨ੍ਹਾਂ ਨੇ ਵੀ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਹਿ ਕੇ ਆਪਣਾ ਪਿੱਛਾ ਛੁਡਵਾ ਲਿਆ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …