
ਬੇਰੁਜ਼ਗਾਰ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਦੇ ਮੁੱਖ ਗੇਟ ’ਤੇ ਲਾਇਆ ਪੱਕਾ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਵੱਖ-ਵੱਖ ਕਾਰਨਾਮਿਆਂ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਸਿੱਖਿਆ ਵਿਭਾਗ ਦੇ ਮੁੱਖ ਗੇਟ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਨਿਯੁਕਤੀ ਪੱਤਰ ਮਿਲਣ ਤੱਕ ਧਰਨਾ ਸ਼ੁਰੂ ਕਰ ਦਿੱਤਾ ਹੈ। 2015 ਵਿੱਚ ਇਸ਼ਤਿਹਾਰਿਤ 6060 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਦੋ ਸਾਲ ਤੋਂ ਵੱਧ ਸਮੇਂ ਵਿੱਚ ਵੀ ਸਿੱਖਿਆ ਵਿਭਾਗ ਪੂਰਾ ਨਹੀਂ ਕਰ ਸਕਿਆ। 10 ਮਈ 2017 ਨੂੰ ਡੀ.ਪੀ.ਆਈ. (ਸੈਕੰਡਰੀ) ਸੁਖਦੇਵ ਸਿੰਘ ਕਾਹਲੋਂ ਦੇ 25 ਮਈ ਦਿੱਤੇ ਭਰੋਸੇ ਤੇ 5 ਬੇਰੁਜ਼ਗਾਰ ਅਧਿਆਪਕਾਂ ਨੇ ਮਰਨ ਵਰਤ ਖਤਮ ਕੀਤਾ ਸੀ। ਪਰ ਉਸ ਤੋਂ ਬਾਅਦ ਨਵੇਂ ਆਏ ਡੀ.ਪੀ.ਆਈ (ਸੈਕੰਡਰੀ) ਪਰਮਜੀਤ ਸਿੰਘ ਦੇ ਦਿੱਤੇ 25 ਜੁਲਾਈ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਭਰੋਸੇ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਡੀ.ਪੀ.ਆਈ. ਦਫ਼ਤਰ ਦਾ ਘਿਰਾਓ ਦਾ ਫੈਸਲਾ ਮੁਲਤਵੀ ਕਰ ਲਿਆ ਸੀ ਪਰ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੀ ਵਾਅਦਾ ਖਿਲਾਫ਼ੀ ਦੇ ਕਾਰਨ ਨਿਯੁਕਤੀ ਪੱਤਰ ਮਿਲਣ ਤੱਕ ਮੁੱਖ ਗੇਟ ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਗੁਰਜਿੰਦਰ ਸਿੰਘ ਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਮਿਸਲਾਂ ਪਾਸ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਨਿਯੁਕਤੀ ਪੱਤਰ ਜਾਰੀ ਨਹੀਂ ਕਰ ਰਿਹਾ। ਮੈਰਿਟ ਸੂਚੀ ਵਿੱਚ ਆਉਣ ਵਾਲੇ ਅਧਿਆਪਕਾਂ ਨੇ ਦੱਸਿਆ ਕਿ ਸਾਰੇ ਸਾਥੀ ਕਸਮ ਲੈ ਕੇ ਆਏ ਹਨ ਕਿ ਹੁਣ ਉਹ ਸਿੱਖਿਆ ਵਿਭਾਗ ਦੇ ਕਿਸੇ ਭਰੋਸੇ ਵਿੱਚ ਨਹੀਂ ਆਉਣਗੇ ਤੇ ਨਿਯੁਕਤੀ ਪੱਤਰ ਲੈ ਕੇ ਹੀ ਵਾਪਿਸ ਜਾਣਗੇ।ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਹ ਸੰਘਰਸ਼ ਨਿਯੁਕਤੀ ਪੱਤਰ ਮਿਲਣ ਤੱਕ ਦਿਨ-ਬ-ਦਿਨ ਹੋਰ ਤਿੱਖਾ ਹੁੰਦਾ ਜਾਵੇਗਾ।