ਬੇਰੁਜ਼ਗਾਰ ਅਧਿਆਪਕਾਂ ਨੇ ਡੀਪੀਆਈ (ਐਲੀਮੈਂਟਰੀ) ਨੂੰ ਘੇਰਿਆ, ਜ਼ੋਰਦਾਰ ਪਿੱਟ ਸਿਆਪਾ
ਸਟੇਸ਼ਨ ਅਲਾਟ ਕਰਨ ਤੋਂ ਮੁੱਕਰੇ ਡੀਪੀਆਈ ਐਲੀਮੈਂਟਰੀ, ਬੇਰੁਜ਼ਗਾਰਾਂ ਦਾ ਰੋਹ ਭਖਿਆ
ਸਿੱਖਿਆ ਭਵਨ ਦੀ ਛੇਵੀਂ ਮੰਜ਼ਲ ’ਤੇ ਡੀਪੀਆਈ ਦਫ਼ਤਰ ਅੱਗੇ ਲੜੀਵਾਰ ਧਰਨਾ ਤੀਜੇ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਪੰਜਾਬ ਭਰ ਦੇ ਈਟੀਟੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਭਵਨ ਦੀ ਛੇਵੀਂ ਮੰਜ਼ਲ ’ਤੇ ਡੀਪੀਆਈ (ਐਲੀਮੈਂਟਰੀ) ਦੇ ਦਫ਼ਤਰ ਅੱਗੇ ਪਿਛਲੇ ਤਿੰਨ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਜਿਸ ਕਾਰਨ ਦਫ਼ਤਰੀ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ। ਉਧਰ, ਅੱਜ ਡੀਪੀਆਈ (ਅ) ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪ੍ਰਦਰਸ਼ਨਕਾਰੀ ਅੌਰਤਾਂ ਨੇ ਅਧਿਕਾਰੀ ਦੀ ਗੱਡੀ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅੌਰਤਾਂ ਨੇ ਇੱਕ ਦੂਜੇ ਦੇ ਹੱਥ ਫੜ ਕੇ ਅਧਿਕਾਰੀ ਦੇ ਆਲੇ ਦੁਆਲੇ ਘੇਰਾਬੰਦੀ ਕਰ ਲਈ। ਜਿਸ ਕਾਰਨ ਕਾਫ਼ੀ ਸਮੇਂ ਤੱਕ ਮਹਿਲਾ ਅਧਿਕਾਰੀ ਨੂੰ ਇਨਸਾਫ਼ ਮੰਗ ਰਹੀਆਂ ਬੇਰੁਜ਼ਗਾਰ ਅੌਰਤਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਅੱਜ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕਰਕੇ ਉਨ੍ਹਾਂ ਦਾ ਹੌਸਲਾ ਬੁਲੰਦ ਕੀਤਾ।
ਈਟੀਟੀ 5994 ਅਤੇ 2364 ਸਾਂਝਾ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਹਰਜੀਤ ਬੁਢਲਾਡਾ, ਪਰਮਪਾਲ ਫਾਜ਼ਿਲਕਾ, ਬਲਿਹਾਰ ਸਿੰਘ ਬੱਲੀ, ਗੁਰਸੰਗਤ ਸਿੰਘ, ਕੁਲਦੀਪ ਚਹਿਲ, ਰਮੇਸ਼ ਅਬੋਹਰ, ਆਦਰਸ਼ ਕੁਮਾਰ, ਮਦਨ ਜਲਾਲਾਬਾਦ, ਕੁਲਵਿੰਦਰ ਬਰੇਟਾ, ਚੰਨ ਸਿੰਘ, ਸੁਖਦੇਵ ਸਿੰਘ ਅਤੇ ਮਨਪ੍ਰੀਤ ਸਿੰਘ ਕੰਬੋਜ ਸਮੇਤ ਹੋਰਨਾਂ ਆਗੂਆਂ ਨੇ ਦੱਸਿਆ ਕਿ ਡੀਪੀਆਈ (ਅ) ਨੇ ਬੀਤੇ ਕੱਲ੍ਹ ਯੂਨੀਅਨ ਆਗੂਆਂ ਨੂੰ ਸੱਦ ਕੇ ਭਰੋਸਾ ਦਿੱਤਾ ਸੀ ਕਿ ਬੁੱਧਵਾਰ ਨੂੰ 12 ਵਜੇ ਤੱਕ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ ਅਤੇ ਅਗਲੇ ਤਿੰਨ ਦਿਨਾਂ ਦੇ ਅੰਦਰ-ਅੰਦਰ ਚੁਣੇ ਗਏ ਈਟੀਟੀ ਅਧਿਆਪਕਾਂ ਨੂੰ ਜੁਆਇਨ ਕਰਵਾ ਦਿੱਤਾ ਜਾਵੇਗਾ।
ਅੱਜ ਦੁਪਹਿਰ 12 ਵਜੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਡੀਪੀਆਈ (ਐਲੀਮੈਂਟਰੀ) ਨੂੰ ਸਟੇਸ਼ਨ ਅਲਾਟ ਕਰਨ ਬਾਰੇ ਪੁੱਛਿਆ ਤਾਂ ਹਮੇਸ਼ਾ ਵਾਂਗ ਟਾਲਮਟੋਲ ਕਰਦੇ ਨਜ਼ਰ ਆਏ। ਜਿਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਦਾ ਰੋਹ ਭਖ ਗਿਆ ਅਤੇ ਉਨ੍ਹਾਂ ਨੇ ਡੀਪੀਆਈ ਦਫ਼ਤਰ ਨੂੰ ਮੁਕੰਮਲ ਬੰਦ ਕਰਕੇ ਅਧਿਕਾਰੀ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ। ਇਸ ਮਗਰੋਂ ਜਿਵੇਂ ਹੀ ਡੀਪੀਆਈ ਦਫ਼ਤਰ ’ਚੋਂ ਬਾਹਰ ਜਾਣ ਲਈ ਪਾਰਕਿੰਗ ਵਿੱਚ ਖੜੀ ਆਪਣੀ ਕਾਰ ਵਿੱਚ ਬੈਠਣ ਲੱਗੇ ਤਾਂ ਉੱਥੇ ਮੌਜੂਦ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੇ ਉਨ੍ਹਾਂ ਦੇ ਆਲੇ ਦੁਆਲੇ ਮਜ਼ਬੂਤ ਘੇਰਾ ਬਣਾ ਕੇ ਸਟੇਸ਼ਨ ਅਲਾਟਮੈਂਟ ਕਰਨ ਦੀ ਮੰਗ ਕੀਤੀ ਲੇਕਿਨ ਅਧਿਕਾਰੀ ਕੋਈ ਜਵਾਬ ਨਹੀਂ ਸੀ। ਧਰਨਾਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਨਿਯੁਕਤੀ ਪੱਤਰ ਨਹੀਂ ਮਿਲਦੇ ਅਤੇ ਸਟੇਸ਼ਨ ਅਲਾਟ ਨਹੀਂ ਕੀਤੇ ਉਦੋਂ ਤੱਕ ਡੀਪੀਆਈ ਦਫ਼ਤਰ ਦੀ ਘੇਰਾਬੰਦੀ ਜਾਰੀ ਰਹੇਗਾ ਅਤੇ ਰੋਜ਼ਾਨਾ ਐਵੇਂ ਹੀ ਗੁਪਤ ਐਕਸ਼ਨ ਕੀਤੇ ਜਾਂਦੇ ਰਹਿਣਗੇ।