ਸੋਹਾਣਾ ਵਿੱਚ ਪਾਣੀ ਦੀ ਟੈਂਕੀ ’ਤੇ ਚੜੇ ਬੇਰੁਜ਼ਗਾਰ ਅਧਿਆਪਕ, ਮੁਹਾਲੀ ਪ੍ਰਸ਼ਾਸ਼ਨ ਨੂੰ ਪਾਈਆਂ ਭਾਜੜਾਂ

ਇਤਲਾਹ ਮਿਲਣ ’ਤੇ ਮੌਕੇ ’ਤੇ ਪੁਲੀਸ ਅਧਿਕਾਰੀਆਂ ਨੇ ਟੈਂਕੀ ਤੋਂ ਜ਼ਬਰਦਸਤੀ ਉਤਾਰੇ, 71 ਬੇਰੁਜ਼ਗਾਰ ਅਧਿਆਪਕਾਂ ਵਿਰੁੱਧ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਮੁਹਾਲੀ ਪ੍ਰਸ਼ਾਸਨ ਨੂੰ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਉਦੋਂ ਭਾਜੜਾਂ ਪੈ ਗਈਆਂ ਜਦੋਂ ਤੜਕਸਾਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਸਥਿਤ ਪਾਣੀ ਦੀ ਖਸਤਾਹਾਲ ਟੈਂਕੀ ਉੱਤੇ ਪੰਜਾਬ ਦੇ ਪੰਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਜਿਨ੍ਹਾਂ ਦੇ ਨਾਮ ਰਵਨੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਬਗੀਚਾ ਸਿੰਘ ਅਤੇ ਅਮਨਦੀਪ ਸਿੰਘ ਚੜ੍ਹ ਗਏ ਅਤੇ ਟੈਂਕੀ ਉੱਪਰ ਆਪਣਾ ਬੈਨਰ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਇਨ੍ਹਾਂ ਦੇ ਨਾਲ ਆਏ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਦੇ ਹੇਠਾਂ (ਸੜਕ ਦੇ ਕਿਨਾਰੇ) ਧਰਨਾ ਲਗਾ ਕੇ ਬੈਠ ਗਏ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਉਹਨਾਂ ਨੇ ਆਪਣਾ ਸੰਘਰਸ਼ ਆਰ ਪਾਰ ਦੀ ਸਥਿਤੀ ਵਿੱਚ ਲੈ ਆਂਦਾ ਹੈ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਜਾਂਦੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਲਾਰੇ ਲਾਏ ਜਾ ਰਹੇ ਹਨ ਜਿਸ ਕਰਕੇ ਉਹ ਨੌਕਰੀਆਂ ਲਈ ਦਰ ਦਰ ਭਟਕ ਰਹੇ ਹਨ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਤੁਰੰਤ ਨੌਕਰੀਆਂ ਦਿੱਤੀਆਂ ਜਾਣ।
ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਟੈਂਕੀ ਉਪਰ ਚੜ ਜਾਣ ਅਤੇ ਧਰਨਾ ਲਗਾਉਣ ਦੀ ਖਬਰ ਮਿਲਦਿਆਂ ਹੀ ਮੁਹਾਲੀ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਮੌਕੇ ’ਤੇ ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੁਲੀਸ ਫੋਰਸ ਦੀ ਅਗਵਾਈ ਐਸ ਪੀ ਸਿਟੀ ਜਗਜੀਤ ਸਿੰਘ ਜੱਲ੍ਹਾ ਕਰ ਰਹੇ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਡੀਐਸਪੀ, ਐਸਐਚਓ ਅਤੇ ਹੋਰ ਪੁਲੀਸ ਫੋਰਸ ਤੈਨਾਤ ਸੀ। ਮੁਹਾਲੀ ਦੇ ਐਸਡੀਐਮ ਡਾਕਟਰ ਆਰ ਪੀ ਸਿੰਘ ਵੀ ਮੌਕੇ ’ਤੇ ਪਹੁੰਚੇ। ਜਿਨ੍ਹਾਂ ਵੱਲੋਂ ਧਰਨੇ ਉੱਪਰ ਬੈਠੇ ਅਤੇ ਟੈਂਕੀ ਤੇ ਚੜ੍ਹੇ ਅਧਿਆਪਕਾਂ ਨੂੰ ਟੈਂਕੀ ਤੋਂ ਉਤਰਨ ਅਤੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈ ਅਤੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਪੁਲੀਸ ਨੇ ਕ੍ਰੇਨ ਦੀ ਮਦਦ ਨਾਲ ਟੈਂਕੀ ਉੱਤੇ ਚੜ੍ਹੇ ਅਧਿਆਪਕਾਂ ਨੂੰ ਹੇਠਾਂ ਲਾਹਿਆ ਅਤੇ ਸਾਰਿਆਂ (ਧਰਨੇ ਤੇ ਬੈਠੇ ਅਧਿਆਪਕਾਂ ਸਮੇਤ) ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਗਿਆ ਅਤੇ ਇਨ੍ਹਾਂ ਨੂੰ ਆਪਣੇ ਨਾਲ ਲੈ ਗਏ। ਪੁਲੀਸ ਦੀ ਇਹ ਕਾਰਵਾਈ ਸਵੇਰੇ 8 ਵਜੇ ਦੇ ਆਸਪਾਸ ਮੁਕੰਮਲ ਹੋਈ। ਬਾਅਦ ਵਿੱਚ ਉੱਥੇ ਹਾਲਾਤ ਆਮ ਵਾਂਗ ਹੋ ਗਏ ਅਤੇ ਇਸ ਮਗਰੋਂ ਟੈਂਕੀ ਥੱਲੇ ਸਾਰਾ ਦਿਨ ਪੁਲੀਸ ਦੀ ਟੁਕੜੀ ਬਿਠਾ ਕੇ ਰੱਖੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਸਮੇਤ 71 ਬੇਰੁਜ਼ਗਾਰ ਅਧਿਆਪਕਾਂ ਦੇ ਖ਼ਿਲਾਫ਼ ਸੋਹਾਣਾ ਥਾਣਾ ਵਿਖੇ ਆਈਪੀਸੀ ਦੀ ਧਾਰਾ 188, 283,309,517 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਕੁੱਲ 70 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ’ਚੋਂ 64 ਨੂੰ ਨਾਮਜ਼ਦ ਬਾਈਨੇਮ ਨਾਮਜ਼ਦਕ ਕੀਤਾ ਗਿਆ ਹੈ ਜਦੋਂਕਿ 6 ਅਣਪਛਾਤੇ ਹਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸ.ਪੀ. ਸਿਟੀ ਜਗਜੀਤ ਸਿੰਘ ਜੱਲ੍ਹਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਹਾਲਤ ਨੂੰ ਬਹਾਲ ਰੱਖਣ ਲਈ ਅਣਅਧਿਕਾਰਤ ਤਰੀਕੇ ਨਾਲ ਦਿੱਤੇ ਜਾ ਰਹੇ ਧਰਨੇ ਨੂੰ ਖਤਮ ਕਰਵਾਇਆ ਗਿਆ ਹੈ ਅਤੇ ਧਰਨਾਕਾਰੀਆਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਐਸ ਡੀ ਐਮ ਮੁਹਾਲੀ (ਕਾਰਜਕਾਰੀ ਮੈਜਿਸਟ੍ਰੇਟ) ਦੀ ਸਲਾਹ ਅਨੁਸਾਰ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…