Nabaz-e-punjab.com

ਨੌਕਰੀ ਦਾ ਝਾਂਸਾ ਦੇ ਕੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨਾਲ ਠੱਗੀ ਮਾਰੀ

ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਸਬੰਧਤ ਕੰਪਨੀ ਦੇ ਦਫ਼ਤਰ ’ਚ ਕੀਤੀ ਛਾਪੇਮਾਰੀ, ਜਾਂਚ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਮੁਹਾਲੀ ਸਮੇਤ ਪੰਜਾਬ ਭਰ ਵਿੱਚ ਟਰੈਵਲ ਏਜੰਟਾਂ ਦੀ ਧੋਖਾਧੜੀ ਤੋਂ ਬਾਅਦ ਹੁਣ ਨੌਕਰੀ ਦੇਣ ਅਤੇ ਦਿਵਾਉਣ ਦਾ ਝਾਂਸਾ ਦੇ ਕੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਠੱਗਣ ਵਾਲੀਆਂ ਫਰਜ਼ੀ ਕੰਪਨੀਆਂ ਨੇ ਵੀ ਆਪਣਾ ਮੱਕੜ-ਜਾਲ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਕੰਪਨੀਆਂ ਵੱਲੋਂ ਭੋਲੇ ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਚਿੱਟੇ ਦਿਨ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਅੱਜ ਪੀੜਤ ਨੌਜਵਾਨਾਂ ਨੂੰ ਪੁਲੀਸ ਅੱਗੇ ਪੇਸ਼ ਕਰਕੇ ਮੁਹਾਲੀ ਵਿੱਚ ਚੱਲ ਰਹੀ ਇਕ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਪੀੜਤ ਨੌਜਵਾਨਾਂ ਗੁਰਸੇਵਕ ਸਿੰਘ ਲੁਧਿਆਣਾ, ਰਮਨਦੀਪ ਸਿੰਘ ਮਲੇਰਕੋਟਲਾ, ਸ਼ੁਭਮ ਸਿੰਘ ਚੰਡੀਗੜ੍ਹ ਅਤੇ ਜਯੋਤੀ ਰਾਣੀ ਪੰਚਕੂਲਾ ਨੇ ਦੱਸਿਆ ਕਿ ਉਨ੍ਹਾਂ ਨੇ ਸਥਾਨਕ ਫੇਜ਼-1 ਦੀ ਮਾਰਕੀਟ ਵਿੱਚ ਚੱਲਦੀ ਅਜਿਹੀ ਇਕ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਲਈ ਪੈਸੇ ਜਮ੍ਹਾਂ ਕਰਵਾਏ ਸੀ। ਉਨ੍ਹਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੀ ਕੰਪਨੀ ਖ਼ਿਲਾਫ਼ ਦੋ ਮਹੀਨੇ ਪਹਿਲਾਂ (24 ਅਕਤੂਬਰ ) ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਜਾਅਲੀ ਇਮੀਗਰੇਸ਼ਨ ਕੰਪਨੀਆਂ ਵੱਲੋਂ ਵਿਦੇਸ਼ ਭੇਜਣ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਥਾਣੇ ਵਿੱਚ ਪੁਲੀਸ ਮੁਲਾਜ਼ਮਾਂ ਅਤੇ ਕੰਪਨੀ ਦੇ ਬਾਊਸਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਸਮਝੌਤਾ ਕਰਨ ਲਈ ਦਬਾਅ ਪਾਇਆ। ਜਿਸ ਕਾਰਨ ਪੀੜਤ ਨੌਜਵਾਨਾਂ ਨੇ ਥਾਣੇ ’ਚੋਂ ਬਹਾਨੇ ਨਾਲ ਬਾਹਰ ਜਾਣਾ ਹੀ ਬਿਹਤਰ ਸਮਝਿਆ।
ਇਸ ਕੇਸ ਦੀ ਪੈਰਵੀ ਕਰ ਰਹੇ ਸ੍ਰੀ ਸਤਨਾਮ ਦਾਊਂ ਨੇ ਕਿਹਾ ਕਿ ਠੱਗੀ ਦੇ ਸ਼ਿਕਾਰ ਨੌਜਵਾਨਾਂ ਨੇ ਆਪਣੇ ਬਿਆਨ ਅਤੇ ਰਸੀਦਾਂ ਥਾਣੇ ਵਿੱਚ ਦਿੱਤੀਆਂ ਗਈਆਂ ਹਨ। ਉਨ੍ਹਾਂ ਐਸਐਸਪੀ ਤੋਂ ਮੰਗ ਕੀਤੀ ਕਿ ਦਸਤਾਵੇਜ਼ੀ ਸਬੂਤਾਂ ਅਤੇ ਪੀੜਤਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪੁਲੀਸ ਦੀ ਇਕ ਟੀਮ ਨੇ ਉਕਤ ਕੰਪਨੀ ਦੇ ਦਫ਼ਤਰ ਵਿੱਚ ਛਾਪੇਮਾਰੀ ਕਰਕੇ ਮੁੱਢਲੀ ਜਾਂਚ ਕੀਤੀ ਗਈ।
ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਨੌਵਜਾਨਾਂ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਪੁਲੀਸ ਟੀਮ ਨੂੰ ਕੰਪਨੀ ਦਫ਼ਤਰ ਵਿੱਚ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਡੀਏ ਲੀਗਲ ਦੀ ਰਾਇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਂਜ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਚਾਰ ਕੁ ਹਜ਼ਾਰ ਰੁਪਏ ਦੇ ਲੈਣ ਦੇਣ ਦਾ ਮਾਮਲਾ ਆਇਆ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…