
ਬੈਸਟੈੱਕ ਮਾਲ ਤੇ ਨਵਾਂ ਗਰਾਓਂ ਵਿੱਚ ਆਬਕਾਰੀ ਟੀਮਾਂ ਵੱਲੋਂ ਸ਼ਰਾਬ ਬਾਰਾਂ ਦੀ ਅਚਨਚੇਤ ਚੈਕਿੰਗ
ਸ਼ਰਾਬ ਦੇ ਬਾਰਾਂ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ‘ਨਾਈਟ ਸਵੀਪ’ ਅਪਰੇਸ਼ਨ ਚਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਆਬਕਾਰੀ ਵਿਭਾਗ ਵੱਲੋਂ ਲੰਘੀ ਰਾਤ ਮੁਹਾਲੀ ਸਮੇਤ ਸੂਬੇ ਅੰਦਰ ਵੱਖ-ਵੱਖ ਥਾਵਾਂ ’ਤੇ ਸ਼ਰਾਬ ਦੇ ਬਾਰਾਂ ਦੀ ਅਚਨਚੇਤ ਚੈਕਿੰਗ ਅਤੇ ਨਿਗਰਾਨੀ ਲਈ ‘ਨਾਈਟ ਸਵੀਪ’ ਅਪਰੇਸ਼ਨ ਚਲਾਇਆ ਗਿਆ। ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸਾਂਝੀ ਨਿਗਰਾਨੀ ਹੇਠ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਅਤੇ ਏਆਈਜੀ (ਆਬਕਾਰੀ) ਗੁਰਜੋਤ ਸਿੰਘ ਕਲੇਰ ਦੀ ਅਗਵਾਈ ਵਿੱਚ ਰਾਤ ਸਮੇਂ 13 ਤੋਂ ਵੱਧ ਟੀਮਾਂ ਨੇ ਚੈਕਿੰਗ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਦੇ ਸੈਕਟਰ-66 ਸਥਿਤ ਬਹੁ-ਚਰਚਿਤ ਬੈਸਟੈੱਕ ਮਾਲ ਵਿੱਚ ‘ਬੁਰਜ’ (ਡਬਲਿਊ ਵ੍ਹਾਈਟ ਹਾਸਪਿਟੈਲਿਟੀ), ‘ਸਕਿੱਲ’ (ਫਰੈਂਡਜ਼ ਹਾਸਪਿਟੈਲਿਟੀ) ਅਤੇ ‘ਮਾਸਕ ਲੌਂਜ ਐਂਡ ਬਾਰ’ ਨਾਮੀ ਤਿੰਨ ਬਾਰ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਪਾਏ ਗਏ। ਨਤੀਜੇ ਵਜੋਂ ਇਨ੍ਹਾਂ ਬਾਰਾਂ ਵਿਰੁੱਧ ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ। ਇੰਜ ਹੀ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਨੇੜੇ ਮੁਹਾਲੀ ਅਧੀਨ ਆਉਂਦੇ ਨਵਾਂ ਗਰਾਓਂ ਖੇਤਰ ਵਿੱਚ ‘ਆਈ ਲਵ ਹੌਟ ਸ਼ਾਟ’ ਨਾਮੀ ਇੱਕ ਰੈਸਟੋਰੈਂਟ ਵੱਲੋਂ ਆਪਣੇ ਗਾਹਕਾਂ ਨੂੰ ਸਿਰਫ਼ ਚੰਡੀਗੜ੍ਹ ਖੇਤਰ ਵਿੱਚ ਵੇਚੀ ਜਾ ਸਕਣ ਵਾਲੀ ਬੀਅਰ ਦੇ ਨਾਲ ‘ਹੁੱਕਾ’ ਪੀਣ ਲਈ ਦਿੱਤਾ ਜਾ ਰਿਹਾ ਸੀ, ਜੋ ਕਾਨੂੰਨ ਦੀ ਘੋਰ ਉਲੰਘਣਾ ਹੈ। ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 7 ਬੋਤਲਾਂ, ਤੰਬਾਕੂ ਦੇ ਵੱਖ-ਵੱਖ ਫਲੇਵਰ ਅਤੇ ਚਾਰਕੋਲ ਜ਼ਬਤ ਕੀਤਾ ਗਿਆ। ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾਂ ਵਿਰੁੱਧ ਪੰਜਾਬ ਐਕਸਾਈਜ਼ ਐਕਟ 1914, ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਐਕਟ 2003, ਪ੍ਰੋਆਈਜ਼ਨ ਐਕਟ 1919 ਅਤੇ ਭਾਰਤੀ ਦੰਡਾਵਲੀ 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਵਾਂ ਗਰਾਓਂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਉਧਰ, ਇਸੇ ਦੌਰਾਨ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਨਿੱਚਰਵਾਰ ਰਾਤ ਨੂੰ ਮੁਹਾਲੀ ਸਮੇਤ ਸੂਬੇ ਭਰ ਵਿੱਚ ਸ਼ਰਾਬ ਦੇ ਬਾਰਾਂ ਦੀ ਚੈਕਿੰਗ ਅਤੇ ਨਿਗਰਾਨੀ ਲਈ ‘ਨਾਈਟ ਸਵੀਪ’ ਨਾਮੀ ਵਿਆਪਕ ਅਪਰੇਸ਼ਨ ਚਲਾਇਆ ਗਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੌਕੇ ’ਤੇ ਹੀ ਕਾਨੂੰਨੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵਿੱਚ ‘ਹੁੱਕਾ’ ਪੀਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਅਪਰੇਸ਼ਨ ਚਲਾਇਆ ਗਿਆ। ਕਿਉਂਕਿ ਇਨ੍ਹਾਂ ਹੁੱਕਿਆਂ ਵਿੱਚ ਨਿਕੋਟੀਨ (ਕੈਂਸਰ ਪੈਦਾ ਕਰਨ ਵਾਲੇ) ਵਰਗੇ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ‘ਪੈਡਲਰਜ਼ ਬਾਰ’ ਨਾਮੀ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹਾ ਸੀ ਅਤੇ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਰਾਬ ਪਰੋਸ ਰਿਹਾ ਸੀ। ਬਾਰ ਦੀ ਤਲਾਸ਼ੀ ਦੌਰਾਨ 17 ਬੋਤਲਾਂ ਬਿਨਾਂ ਡਿਊਟੀ ਵਾਲੀ ਸ਼ਰਾਬ ਅਤੇ ਮਿਆਦ ਪੁੱਗ ਚੁੱਕੀ ਬੀਅਰ ਦੀਆਂ 5 ਬੋਤਲਾਂ ਵੀ ਬਰਾਮਦ ਹੋਈਆਂ। ਜਿਨ੍ਹਾਂ ਨੂੰ ਮੌਕੇ ’ਤੇ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜਲੰਧਰ ਵਿੱਚ ‘ਪੈਡਲਰਜ਼’ ਨਾਮੀ ਬਾਰ ਨਿਰਧਾਰਤ ਸਮਾਂ-ਸੀਮਾਂ ਤੋਂ ਬਾਅਦ ਵੀ ਖੁੱਲ੍ਹਾ ਸੀ। ਬਾਰ ਦੀ ਤਲਾਸ਼ੀ ਦੌਰਾਨ ਮਿਆਦ ਪੁੱਗ ਚੁੱਕੀ ਬੀਅਰ ਦੀਆਂ 3 ਬੋਤਲਾਂ ਮੌਕੇ ’ਤੇ ਜ਼ਬਤ ਕੀਤੀਆਂ ਗਈਆਂ।

ਮੰਤਰੀ ਨੇ ਕਿਹਾ ਕਿ ਹੁੱਕੇ ਵਿੱਚ ਤੰਬਾਕੂ ਨੂੰ ਸਾੜਨ ਲਈ ਵਰਤੇ ਜਾਣ ਵਾਲੇ ਚਾਰਕੋਲ ਤੋਂ ਅਜਿਹਾ ਧੂੰਆਂ ਪੈਦਾ ਹੁੰਦਾ ਹੈ, ਜਿਸ ਵਿੱਚ ਨਾ ਸਿਰਫ਼ ਕਾਰਬਨ ਮੋਨੋਆਕਸਾਈਡ ਹੁੰਦੀ ਹੈ, ਬਲਕਿ ਹੋਰ ਕੈਂਸਰ ਪੈਦਾ ਕਰਨ ਵਾਲੇ ਰਾਸਾਇਣ ਅਤੇ ਧਾਤਾਂ ਵੀ ਸ਼ਾਮਲ ਹੁੰਦੀਆਂ ਹਨ, ਕਿਉਂਕਿ ਧੂੰਏਂ ਨੂੰ ਫਿਲਟਰ ਕਰਨ ਲਈ ਵਰਤਿਆ ਜਾਣ ਵਾਲਾ ਪਾਣੀ ਅਸਲ ਵਿੱਚ ਇਨ੍ਹਾਂ ਖ਼ਤਰਨਾਕ ਰਾਸਾਇਣਾਂ ਨੂੰ ਰੋਕਣ ਦੇ ਯੋਗ ਨਹੀਂ ਹੁੰਦਾ। ਇਸ ਤੋਂ ਇਲਾਵਾ ਇੱਕੋ ਹੁੱਕੇ ਨੂੰ ਇੱਕੋ ਸਮੇਂ ਵੱਧ ਵਿਅਕਤੀਆਂ ਵੱਲੋਂ ਮਿਲ ਕੇ ਪੀਣ ਨਾਲ ਛੂਤ ਜਿਹੀਆਂ ਵੱਖ-ਵੱਖ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧਦਾ ਹੈ। ਉਨ੍ਹਾਂ ਨੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਬਖ਼ਸ਼ਿਆ ਨਹੀਂ ਜਾਵੇਗਾ।