ਫੂਡ ਸੇਫ਼ਟੀ ਟੀਮ ਵੱਲੋਂ ਮਠਿਆਈ ਦੇ ਕਾਰਖ਼ਾਨਿਆਂ ਦੀ ਅਚਨਚੇਤ ਚੈਕਿੰਗ, ਸੈਂਪਲ ਭਰੇ

ਨਬਜ਼-ਏ-ਪੰਜਾਬ, ਮੁਹਾਲੀ, 17 ਅਕਤੂਬਰ:
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਅਤੇ ਸ਼ੁੱਧ ਚੀਜ਼ਾਂ ਉਪਲਬਧ ਕਰਾਉਣ ਦੇ ਮੰਤਵ ਨਾਲ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਅੱਜ ਸ਼ਹਿਰ ਦੀਆਂ ਵੱਡੀਆਂ ਮਠਿਆਈ ਦੀਆਂ ਦੁਕਾਨਾਂ ਦੇ ਕਾਰਖ਼ਾਨਿਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਅਮਿਤ ਜੋਸ਼ੀ ਨੇ ਦੱਸਿਆ ਕਿ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਡਾ. ਮਹੇਸ਼ ਆਹੂਜਾ ਦੀਆਂ ਹਦਾਇਤਾਂ ’ਤੇ ਅੱਜ ਵੱਖ-ਵੱਖ ਥਾਵਾਂ ’ਤੇ ਮਠਿਆਈ ਦੇ ਮਿਆਰ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸਾਫ਼-ਸਫ਼ਾਈ ਦਾ ਵੀ ਮੁਆਇਨਾ ਕੀਤਾ ਗਿਆ।
ਸਿਹਤ ਵਿਭਾਗ ਦੀ ਟੀਮ ਨੇ ਅੰਮ੍ਰਿਤ ਸਵੀਟਸ, ਗੁਰੂ ਨਾਨਕ ਸਵੀਟਸ, ਸ਼ਕਤੀ ਫੂਡ ਪ੍ਰੋਡਕਟਸ, ਜਲੰਧਰ ਸਵੀਟਸ ਅਤੇ ਉੱਤਮ ਸਵੀਟਸ ਦੇ ਕਾਰਖ਼ਾਨਿਆਂ ਦੀ ਚੈਕਿੰਗ ਕੀਤੀ ਗਈ, ਜਿੱਥੇ ਥੋਕ ਵਿੱਚ ਮਠਿਆਈਆਂ ਬਣਦੀਆਂ ਹਨ। ਟੀਮ ਨੇ ਮੌਕੇ ’ਤੇ ਖੋਆ, ਬਰਫ਼ੀ, ਕਲਾਕੰਦ ਅਤੇ ਮੇਵਾ ਆਦਿ ਪਦਾਰਥਾਂ ਦੇ ਸੈਂਪਲ ਵੀ ਲਏ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ। ਅਧਿਕਾਰੀ ਨੇ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਮਿਲਾਵਟੀ ਤੇ ਗੈਰ ਮਿਆਰੀ ਮਠਿਆਈਆਂ ਬਣਾਉਣ ਅਤੇ ਵਿਕਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ ਤਹਿਤ ਮਿਲਾਵਟੀ ਤੇ ਬੇਮਿਆਰੀ ਵਸਤਾਂ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਕਿਸੇ ਵੀ ਹਾਲਤ ਵਿੱਚ ਵੇਚੀਆਂ ਨਹੀਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਉਣ ਤੋਂ ਇਲਾਵਾ ਸਬੰਧਤ ਦਾ ਵਿਕਰੀ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਖ-ਵੱਖ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਉਹ ਸ਼ੁੱਧ ਚੀਜ਼ਾਂ ਦੀ ਬਨਾਵਟ ਅਤੇ ਵਿਕਰੀ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਵੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…