ਸਪੀਕਰ ਦੀ ਚੋਣ ਵੇਲੇ ਆਮ ਆਦਮੀ ਪਾਰਟੀ ਦਾ ਵਾਕ-ਆਊਟ ਮੰਦਭਾਗਾ: ਕੈਪਟਨ ਅਮਰਿੰਦਰ ਸਿੰਘ

ਧਰਨਾ ਸਿਆਸਤ ਦੀ ਥਾਂ ਆਮ ਆਦਮੀ ਪਾਰਟੀ ਨੂੰ ਸਦਨ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਸੂਬਾ ਵਿਧਾਨ ਸਭਾ ਵਿਚੋਂ ਵਾਕ-ਆਊਟ ਦੇ ਫੈਸਲੇ ਨੂੰ ਅਫਸੋਸਨਾਕ ਦੱਸਿਆ ਹੈ। ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੇ ਜਮਹੂਰੀ ਅਧਿਕਾਰਾਂ ਤੋਂ ਵਾਂਝੇ ਕਰਨ ਦਾ ਦਾਅਵਾ ਕਰਦੇ ਹੋਏ ਵਿਰੋਧ ਵਿੱਚ ਸਦਨ ਵਿੱਚੋਂ ਵਾਕ-ਆਊਟ ਕਰਨ ਦੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਨੂੰ ਧਰਨਿਆਂ ਦੀ ਸਸਤੀ ਸਿਆਸਤ ਕਰਨ ਦੀ ਥਾਂ ਸਦਨ ਦੀ ਮਰਿਆਦਾ ਬਣਾ ਕੇ ਰੱਖਣੀ ਚਾਹੀਦੀ ਹੈ।
ਅੱਜ ਇੱਥੇ ਆਪ ਦੇ ਵਾਕ-ਆਊਟ ਕਰਨ ’ਤੇ ਕਾਂਗਰਸੀ ਵਿਧਾਇਕਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਮੁੱਖ ਮੰਤਰੀ ਤੋਂ ਬਾਅਦ ਬਹੁਤ ਸਾਰੇ ਕਾਂਗਰਸ ਵਿਧਾਇਕਾਂ ਨੇ ਮੁੱਖ ਵਿਰੋਧ ਧਿਰ ਨੂੰ ਇਸ ਕਾਰਵਾਈ ਲਈ ਫਿਟਕਾਰ ਪਾਈ ਤੇ ਇਸ ਨੂੰ ਵਿਘਨਪਾਊ ਕਾਰਵਾਈ ਦੱਸਿਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਬਹਿਸ ਲਈ ਕੇਵਲ ਸਮਾਂ ਮੰਗਿਆ ਹੈ ਅਤੇ ਇਹ ਰਾਜਪਾਲ ਦੇ ਭਾਸ਼ਣ ’ਤੇ ਵਿਚਾਰ ਚਰਚਾ ਬਾਰੇ ਵਿਰੋਧੀ ਧਿਰ ਦੇ ਅਧਿਕਾਰ ਨੂੰ ਇਨਕਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਆਪਣਾ ਕੰਮ ਕਾਜ ਸ਼ੁਰੂ ਹੀ ਕੀਤਾ ਹੈ। ਉਨ੍ਹਾਂ ਕਿਹਾ,‘‘ਸਮਾਂ ਆਉਣ ਦਿਓ ਅਸੀਂ ਹਰੇਕ ਚੀਜ਼ ਬਾਰੇ ਢੁਕਵਾਂ ਜਵਾਬ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਆਪਣੀ ਸਾਜਿਸ਼ ਵਿੱਚ ਅਸਫ਼ਲ ਹੋ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ।
ਸਦਨ ਦੀ ਮਰਿਆਦਾ ਨੂੰ ਢਾਹ ਲਾਉਣ ਲਈ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕਰਦੇ ਹੋਏ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਸੂਬੇ ਦੀ ਜਮਹੂਰੀ ਸਿਆਸਤ ਨੂੰ ਨਸ਼ਟ ਕਰ ਰਹੀ ਹੈ ਅਤੇ ਪਵਿੱਤਰ ਸਦਨ ਨੂੰ ਧਰਨਿਆਂ ਦੀ ਸਿਆਸਤ ਦਾ ਅਖਾੜਾ ਬਣਾਉਣ ਵਿੱਚ ਰੁੱਝੀ ਹੋਈ ਹੈ। ਬਾਅਦ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਤਿਹਾਸ ਲੋਕਾਂ ਵਿੱਚ ਬਣੇ ਰਹਿਣ ਲਈ ਸਿਆਸੀ ਸਟੰਟ ਕਰਨ ਦਾ ਹੈ। ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਇਸ ਦੇ ਆਗੂ ਪੂਰੀ ਤਰ੍ਹਾਂ ਬੇਚੈਨ ਹੋ ਗਏ ਹਨ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਆਪਣਾ ਗੁੱਸਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਅਜਿਹਾ ਕਰਕੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਨੂੰ ਢਾਹ ਲਾ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 28 ਮਾਰਚ ਨੂੰ ਰਾਜਪਾਲ ਵੱਲੋਂ ਦਿੱਤੇ ਜਾ ਰਹੇ ਭਾਸ਼ਣ ਦੇ ਸਬੰਧ ਵਿੱਚ ਉਹ 15ਵੀਂ ਵਿਧਾਨ ਸਭਾ ਦੇ ਅਗਲੇ ਸਮਾਗਮ ਦੌਰਾਨ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪਲੇਠੇ ਸਮਾਗਮ ਨੂੰ ਛੋਟਾ ਰੱਖਣ ਦੀ ਜ਼ਰੂਰਤ ਹੈ ਕਿਉਂਕਿ 29 ਮਾਰਚ ਨੂੰ ਲੇਖਾ ਅਨੁਦਾਨ ਪਾਸ ਕਰਾਉਣਾ ਜ਼ਰੂਰੀ ਹੈ। ਇਸ ਨਵੇਂ ਵਿੱਤੀ ਸਾਲ ਲਈ ਕੇਵਲ ਦੋ ਦਿਨ ਬਾਕੀ ਰਹਿ ਗਏ ਹਨ। ਸੱਤਾਧਾਰੀ ਧਿਰ ਨੇ ਕਿਹਾ ਕਿ ਮਹੱਤਵਪੂਰਨ ਵਿੱਤੀ ਫੈਸਲੇ ਨਾ ਲੈਣ ਦੀ ਸੂਰਤ ਵਿੱਚ ਸਾਰੇ ਸਰਕਾਰੀ ਕੰਮ ਕਾਜ ਠੱਪ ਹੋ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਰਕਹੀਣ ਇੱਛਾ ਦੇ ਮੱਦੇਨਜ਼ਰ ਸੂਬੇ ਦੇ ਕੰਮ ਕਾਜ ਨੂੰ ਠੱਪ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਡੀਆ ਤੇ ਲੋਕਾਂ ਦਾ ਧਿਆਨ ਖਿੱਚਣ ਲਈ ਅਜਿਹਾ ਵਿਵਹਾਰ ਕਰ ਰਹੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…