
ਗੁਰੂ ਦੀ ਗੋਲਕ ਨਾਲ ਚਲਾਏ ਜਾ ਰਹੇ ਕੋਵਿਡ ਕੇਅਰ ਸੈਟਰਾਂ ’ਤੇ ਬਾਦਲ ਦਲ ਵੱਲੋਂ ਸਿਆਸੀ ਰੋਟੀਆਂ ਸੇਕਣਾ ਮੰਦਭਾਗਾ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਗੋਲਕ ਅਤੇ ਸੰਗਤਾਂ ਦੇ ਦਸਵੰਧ ਦੇ ਪੈਸੇ ਤੇ ਬਾਦਲ ਦਲ ਵੱਲੋਂ ਸਿਆਸੀ ਰੋਟੀਆਂ ਸੇਕਣਾ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਪੰਥ ਦੀ ਸਿਰਮੌਰ ਸੰਸਥਾ ਵੱਲੋਂ ਸੰਗਤਾਂ ਦੇ ਪੈਸੇ ਨੂੰ ਬਾਦਲ ਦਲ ਦੀ ਰਾਜਨੀਤੀ ਚਮਕਾਉਣ ਲਈ ਵਰਤਿਆ ਜਾ ਰਿਹਾ ਹੈ ਨਾ ਕਿ ਕਰੋਨਾ ਮਰੀਜ਼ਾਂ ਲਈ। ਜਦੋਂਕਿ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਬਾਦਲ ਦਲ ਦਾ ਨਾਂ ਪੈਸੇ ਪੱਖੋਂ ਅਤੇ ਨਾ ਸਰੀਰ ਪੱਖੋ ਕੋਈ ਵੀ ਯੋਗਦਾਨ ਨਹੀਂ ਹੈ। ਇਸ ਲਈ ਗੁਰੂ ਘਰ ਤੇ ਸੰਗਤਾਂ ਦੇ ਪੈਸੇ ਨਾਲ ਤਿਆਰ ਕੋਵਿਡ ਕੇਅਰ ਸੈਟਰਾਂ ਦੀ ਸ਼ੁਰੂਆਤ ਕਰਨ ਦਾ ਵੀ ਇਹਨਾ ਲੀਡਰਾਂ ਨੂੰ ਕੋਈ ਅਧਿਕਾਰ ਨਹੀ ਸਗੋਂ ਗੁਰੂ ਘਰ ਦੇ ਪੈਸੇ ਨਾਲ ਕੀਤੇ ਜਾ ਰਹੇ ਧਾਰਮਿਕ ਕਾਰਜਾਂ ਦੀ ਪੰਜ ਪਿਆਰੇ ਸਾਹਿਬਾਨ ਜਾਂ ਕੋਈ ਧਾਰਮਿਕ ਸ਼ਖਸੀਆਤ ਵੱਲੋਂ ਸ਼ੁਰੂਆਤ ਕਰਨਾ ਉਹ ਜਾਇਜ਼ ਹੋਵੇਗਾ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਫਿਰ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਕਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਿਲੋਂ ਕਰੋਨਾ ਮਰੀਜ਼ਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਸੱਤ ਸਤਾਰਾ ਹੋਟਲਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕਰਨ ਅਤੇ ਜੋ ਦਵਾਈ ਉਨ੍ਹਾਂ ਨੇ ਖ਼ੁਦ ਕਰੋਨਾ ਤੋਂ ਠੀਕ ਹੋਣ ਲਈ ਐਟੀਬਾਉਟਿਕ ਕੌਕਟੇਲ ਅਮਰੀਕਾ ਤੋਂ ਮੰਗਵੀ ਸੀ ਉਹ ਪੰਜਾਬ ਦੇ ਲੋਕਾਂ ਨੂੰ ਵੀ ਉਪਲਬਧ ਕਰਵਾਈ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਇਆ ਜਾ ਸਕੇ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਨ੍ਹਾਂ ਨੂੰ ਗੁਰੂ ਦੀ ਗੋਲਕ ਦੇ ਪੈਸਿਆਂ ਲਾਲ ਫੌਕੀ ਸੌਹਰਤ ਖੱਟਣ ਦਾ ਕੋਈ ਹੱਕ ਨਹੀਂ ਹੈ।