ਅਕਾਲੀ ਆਗੂ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣਾ ਮੰਦਭਾਗਾ: ਸੇਖਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਜਾ ਕੇ ਅੰਮ੍ਰਿਤਪਾਨ ਕਰਵਾਉਣਾ ਬਹੁਤ ਹੀ ਮੰਦਭਾਗੀ ਗੱਲ ਹੈ। ਅਕਾਲੀ ਆਗੂ ਨੂੰ ਅੰਮ੍ਰਿਤ ਛਕਾਉਣ ਦੇ ਮੁੱਦੇ ’ਤੇ ਟਿੱਪਣੀ ਕਰਦਿਆਂ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਗੁਰਦੁਆਰਾ ਗੁਰਦਾਸ ਨੰਗਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਿਸ ਸਥਾਨ ’ਤੇ ਇਹ ਕਾਰਵਾਈ ਕੀਤੀ ਗਈ ਹੈ, ਉਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ। ਇਸ ਤੋਂ ਇਹ ਗੱਲ ਸਾਫ਼ ਜਾਹਰ ਹੁੰਦੀ ਹੈ ਕਿ ਇਹ ਕਾਰਵਾਈ ਸੀਨੀਅਰ ਅਕਾਲੀ ਆਗੂਆਂ ਦੀ ਸ਼ਹਿ ’ਤੇ ਕੀਤੀ ਗਈ ਹੈ, ਜੋ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਨੌਤੀ ਦੇਣ ਵਾਲੀ ਗੱਲ ਹੈ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਜਿਨ੍ਹਾਂ ਪੰਜ ਬੰਦਿਆਂ ਨੂੰ ਨਿਹੰਗ ਸਿੰਘਾਂ ਦਾ ਬਾਣਾ ਪੁਆ ਕੇ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਹੈ ਕਿ ਉਹ ਕੌਣ ਹਨ ਅਤੇ ਉਨ੍ਹਾਂ ਦਾ ਸਿੱਖੀ ਜੀਵਨ ਹੈ ਵੀ ਜਾਂ ਨਹੀਂ?। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰੂਘਰਾਂ ਵਿੱਚ ਅੰਮ੍ਰਿਤ ਦੀ ਦਾਤ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਪੰਜ ਪਿਆਰਿਆਂ ਰਾਹੀਂ ਬਖ਼ਸ਼ੀ ਜਾਂਦੀ ਹੈ ਪਰ ਇੱਥੇ ਇਸ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣ ਦੀ ਸਮੁੱਚੀ ਕਾਰਵਾਈ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਰਾਜਸੀ ਆਗੂਆਂ ਖ਼ਿਲਾਫ਼ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਲੰਗਾਹ ’ਤੇ ਜਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਆਗੂ ਨੂੰ ਪੰਥ ’ਚੋਂ ਛੇਕਿਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…