Share on Facebook Share on Twitter Share on Google+ Share on Pinterest Share on Linkedin ਸਿਹਤ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨਾ ਮੰਦਭਾਗਾ: ਕਿਰਨਜੀਤ ਕੌਰ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਨੇ ਸਰਕਾਰ ’ਤੇ ਲਾਇਆ ਵਾਅਦਾਖ਼ਿਲਾਫ਼ੀ ਦਾ ਦੋਸ਼ ਕਰੋਨਾ ਵਿਰੁੱਧ ਫਰੰਟ ਲਾਈਨ ’ਤੇ ਲੜਾਈ ਲੜ ਰਹੇ ਸਿਹਤ ਕਾਮੇ ਸਰਕਾਰੀ ਨੀਤੀਆਂ ਤੋਂ ਅੌਖੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ: ਕਰੋਨਾਵਾਇਰਸ ਦੀ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਅਤੇ ਪੰਜਾਬ ਵਿੱਚ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਸਿਹਤ ਵਿਭਾਗ ਦੇ ਮੁਲਾਜ਼ਮ ਕਰੋਨਾ ਵਿਰੁੱਧ ਅੱਗੇ ਹੋ ਕੇ ਲੜਾਈ ਲੜ ਰਹੇ ਹਨ ਲੇਕਿਨ ਮੌਜੂਦਾ ਸਮੇਂ ਵਿੱਚ ਸਿਹਤ ਕਾਮੇ ਸਰਕਾਰ ਦੀਆਂ ਗਲਤ ਤੇ ਡੰਗ ਟਪਾਊ ਨੀਤੀਆਂ ਤੋਂ ਕਾਫੀ ਅੌਖੇ ਹਨ। ਕੰਟਰੈਕਟ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਦੀ ਪ੍ਰਧਾਨ ਸੂਬਾ ਪ੍ਰਧਾਨ ਕਿਰਨਜੀਤ ਕੌਰ, ਸਰਬਜੀਤ ਕੌਰ ਜਲੰਧਰ, ਰਾਜਵਿੰਦਰ ਕੌਰ, ਬਲਜਿੰਦਰ ਪਾਲ ਕੌਰ, ਬਲਜੀਤ ਕੌਰ, ਬਬੀਤਾ ਮੁਹਾਲੀ, ਸੁਖਬੀਰ ਕੌਰ ਤਰਨਤਾਰਨ, ਅਮਰੀਕ ਸਿੰਘ ਨੇ ਕੈਪਟਨ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੰਟਰੈਕਟ ਸਿਹਤ ਮੁਲਾਜ਼ਮ ਆਪਣੀਆਂ ਜਾਇਜ਼ਾ ਲਈ ਐਮਰਜੈਂਸੀ ਸਿਹਤ ਸੇਵਾਵਾਂ ਨਿਰੰਤਰ ਚਾਲੂ ਰੱਖਣਗੇ ਪ੍ਰੰਤੂ ਨਾਲ ਨਾਲ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਦਾ ਪ੍ਰਗਟਾਵਾ ਵੀ ਕਰਨਗੇ। ਉਨ੍ਹਾਂ ਕਿਹਾ ਕਿ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਸਿਹਤ ਮੁਲਾਜ਼ਮ ਆਪਣੇ ਪਰਿਵਾਰਾਂ ਦਾ ਫ਼ਿਕਰ ਛੱਡ ਕੇ ਸਭ ਤੋਂ ਅੱਗੇ ਹੋ ਕੇ ਅਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕਰੋਨਾ ਖ਼ਿਲਾਫ਼ ਜੰਗ ਲੜ ਰਹੇ ਹਨ ਪ੍ਰੰਤੂ ਸੂਬਾ ਸਰਕਾਰ ਵੱਲੋਂ ਸਿਹਤ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਠਾਨਕੋਟ ਦੇ ਪਿੰਡ ਪਹਾੜੋਚੱਕ ਵਿੱਚ ਇਕ ਕੰਟਰੈਕਟ ਮਲਟੀ ਪਰਪਜ਼ ਫੀਮੇਲ ਹੈਲਥ ਵਰਕਰ ਵੱਲੋਂ ਸਿਹਤ ਟੀਮ ਅਤੇ ਆਸ਼ਾ ਵਰਕਰਾਂ ਅਤੇ ਸਰਪੰਚ ਨਾਲ ਮਿਲ ਕੇ ਬਜ਼ੁਰਗ ਦਾ ਸਸਕਾਰ ਕੀਤਾ ਗਿਆ ਹੈ ਪ੍ਰੰਤੂ ਰਾਜ ਸਰਕਾਰ ਵੱਲੋਂ ਕੰਟਰੈਕਟ ਸਿਹਤ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਜਾਂ ਤਨਖ਼ਾਹ ਵਧਾਉਣ ਜਾਂ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਚੁੱਪ ਵੱਟੀ ਹੋਈ ਹੈ। ਇਹੀ ਨਹੀਂ ਮੌਜੂਦਾ ਸਮੇਂ ਵਿੱਚ ਉਨ੍ਹਾਂ ਨੂੰ ਸਿਹਤ ਬੀਮਾ ਦੀ ਸੁਵਿਧਾ ਵੀ ਨਹੀਂ ਮਿਲ ਰਹੀ ਹੈ। ਜਦੋਂਕਿ ਕਰੋਨਾ ਪਾਜ਼ੇਟਿਵ ਮਰੀਜ਼ ਮਿਲਣ ’ਤੇ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਪ੍ਰਭਾਵਿਤ ਇਲਾਕੇ ਵਿੱਚ ਘਰ ਘਰ ਸਰਵੇ ਕਰਨ ਅਤੇ ਲੋਕਾਂ ਦੀ ਮੈਡੀਕਲ ਜਾਂਚ ਕਰਨ ਲਈ ਭੇਜਿਆ ਜਾਂਦਾ ਹੈ। ਇਹ ਕੰਮ ਬਹੁਤ ਹੀ ਜੋਖ਼ਮ ਭਰਿਆ ਹੈ ਲੇਕਿਨ ਇਸ ਦੇ ਬਾਵਜੂਦ ਸਿਹਤ ਮੁਲਾਜ਼ਮ ਇਹ ਡਿਊਟੀ ਸੇਵਾ ਭਾਵਨਾ ਨਾਲ ਨਿਭਾ ਰਹੇ ਹਨ, ਹੁਣ ਹੁਕਮਰਾਨਾਂ ਨੂੰ ਵੀ ਉਨ੍ਹਾਂ ਦੇ ਭਵਿੱਖ ਬਾਰੇ ਸੋਚਨਾ ਚਾਹੀਦਾ ਹੈ। ਸਿਹਤ ਕਾਮਿਆਂ ਨੇ ਇਸ ਗੱਲ ’ਤੇ ਵੀ ਅਫਸੋਸ ਜਤਾਇਆ ਹੈ ਇਕ ਪਾਸੇ ਵਿੱਤ ਮੰਤਰੀ ਮੋਬਾਈਲ ਫੋਨਾਂ ਲਈ ਇਕ ਅਰਬ ਦੀ ਰਾਸ਼ੀ ਰੱਖ ਕੇ ਬੈਠੇ ਹੋਏ ਹਨ, ਦੂਜੇ ਪਾਸੇ ਕਈ ਮੰਤਰੀ, ਰਾਜ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਵੱਖ ਵੱਖ ਪੈਨਸ਼ਨਾਂ ਲੈ ਰਹੇ ਹਨ ਪ੍ਰੰਤੂ ਸਿਹਤ ਮੁਲਾਜ਼ਮ ਸਿਰਫ਼ 10 ਹਜ਼ਾਰ ਤਨਖ਼ਾਹ ’ਤੇ ਹੀ ਗੁਜ਼ਾਰਾ ਕਰਨ ਲਈ ਮਜਬੂਰ ਹਨ। ਯੂਨੀਅਨ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਿਹਤ ਮੁਲਾਜ਼ਮਾਂ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾਵੇ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਗੁਮਰਾਹਕੁਨ ਬਿਆਨਬਾਜ਼ੀ ਨਾਲ ਸਿਹਤ ਕਾਮਿਆਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ। ਇਸ ਲਈ ਸਰਕਾਰ ਸਿਹਤ ਮੁਲਾਜ਼ਮਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ