ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਸੈਮ ਪਿਤਰੋਦਾ ਨੂੰ ਖਾਣੇ ਦੀ ਦਾਅਵਤ ਦੇਣਾ ਮੰਦਭਾਗਾ: ਚੰਦੂਮਾਜਰਾ
ਜੂਨੀਅਰ ਚੰਦੂਮਾਜਰਾ ਤੇ ਹੋਰਨਾਂ ਆਗੂਆਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਸੇਧਿਆ ਨਿਸ਼ਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਨੌਜਵਾਨ ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਸੂਬੇ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ’ਤੇ ਮਿੱਟੀ ਪਾਉਣ ਦੀ ਦੁਹਾਈ ਦੇਣ ਵਾਲੇ ਸੈਮ ਪਿਤਰੋਦਾ ਵਰਗੇ ਸਿੱਖ ਵਿਰੋਧੀ ਕਾਂਗਰਸੀ ਆਗੂਆਂ ਨੂੰ ਮੰਤਰੀ ਨੇ ਆਪਣੇ ਘਰ ਸੱਦ ਕੇ ਉਨ੍ਹਾਂ ਦੀ ਮੇਜ਼ਬਾਨੀ ਕਰ ਰਹੇ ਹਨ ਅਤੇ ਦੂਜੇ ਪਾਸੇ ਮੰਤਰੀ ਸ੍ਰੀ ਸਿੱਧੂ ਖ਼ੁਦ ਨੂੰ ਸਿੱਖ ਹਿਤੈਸ਼ੀ ਦੱਸਣ ਦਾ ਢੌਂਗ ਰਚਾ ਰਹੇ ਹਨ। ਅੱਜ ਇੱਥੇ ਅਕਾਲੀ ਵਰਕਰਾਂ ਅਤੇ ਸ਼ਹਿਰ ਦੇ ਅਕਾਲੀ ਭਾਜਪਾ ਕੌਂਸਲਰਾਂ ਦੀ ਮੀਟਿੰਗ ਦੌਰਾਨ ਜੂਨੀਅਰ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਅਸਲ ਵਿੱਚ ਸ਼ੁਰੂ ਤੋਂ ਦੋਗਲੀ ਨੀਤੀ ’ਤੇ ਚਲਦੀ ਆਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਬਲਬੀਰ ਸਿੱਧੂ ਵੱਲੋਂ ਸੀਨੀਅਰ ਕਾਂਗਰਸ ਆਗੂ ਦਾ ਅਸ਼ੀਰਵਾਦ ਲੈਣ ਲਈ ਸੈਮ ਪਿਤਰੋਦਾ ਨੂੰ ਖਾਣੇ ਲਈ ਦਾਵਤ ਦੇਣਾ ਬਹੁਤ ਮੰਦਭਾਗੀ ਗੱਲ ਹੈ ਕਿਉਂਕਿ ਸੈਮ ਪਤਰੋਦਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਆਗੂ ਨੇ ਕਿਹਾ ਕਿ ਇਕ ਪਾਸੇ ਸਮੁੱਚਾ ਦੇਸ਼ ਪਿਤਰੋਦਾ ਦੀ ਉਕਤ ਗਲਤ ਬਿਆਨਬਾਜ਼ੀ ’ਤੇ ਉਨ੍ਹਾਂ ਨੂੰ ਲਾਹਨਤਾਂ ਪਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦੇ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਅਜਿਹੇ ਕਥਿਤ ਸਿੱਖ ਵਿਰੋਧੀ ਆਗੂ ਦੀ ਆਓ ਭਗਤ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਮੁੱਦੇ ’ਤੇ ਕਾਂਗਰਸ ਅਲੱਗ-ਥਲੱਗ ਹੋ ਚੁੱਕੀ ਹੈ ਪਰ ਸ੍ਰੀ ਸਿੱਧੂ ਆਪਣੇ ਨਿੱਜੀ ਸੁਆਰਥ ਲਈ ਅਜਿਹੇ ਵਿਵਾਦਪੂਰਨ ਆਗੂਆਂ ਦਾ ਆਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਦੌਰਾਨ ਨੌਜਵਾਨ ਆਗੂ ਚੰਦੂਮਾਜਰਾ ਨੇ ਆਪਣੇ ਪਿਤਾ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਪਿੰਡ ਕੰਡਾਲਾ, ਝਿਊਰਹੇੜੀ, ਨਡਿਆਲੀ, ਸਫ਼ੀਪੁਰ, ਬਾਕਰਪੁਰ ਅਤੇ ਸੋਹਾਣਾ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਸਰਪੰਚ ਜਗੀਰ ਸਿੰਘ, ਮੋਹਣ ਸਿੰਘ ਪੰਚ, ਹਰਦੀਪ ਸਿੰਘ, ਗਿਆਨ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ, ਅਮਰਜੀਤ ਸਿੰਘ, ਕਰਤਾਰ ਸਿੰਘ ਸਮੇਤ ਹੋਰ ਅਕਾਲੀ ਤੇ ਭਾਜਪਾ ਦੇ ਕੌਂਸਲਰ ਅਤੇ ਹੋਰ ਸਰਗਰਮ ਆਗੂ ਤੇ ਵਰਕਰ ਮੌਜੂਦ ਸਨ।