nabaz-e-punjab.com

ਅਣਪਛਾਤੇ ਵਿਅਕਤੀਆਂ ਨੇ ਘਰ ’ਚ ਦਾਖ਼ਲ ਹੋ ਕੇ ਤਾਲੇ ਤੋੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਇੱਥੋਂ ਦੇ ਫੇਜ਼-6 ਵਿੱਚ ਅਣਪਛਾਤੇ ਵਿਅਕਤੀ ਇੱਕ ਘਰ ਦੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਗਏ ਅਤੇ ਕੈਂਚੀ ਗੇਟ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੋਈ ਵੱਡੀ ਘਟਨਾ ਵਾਪਰਨ ਤੋਂ ਬਚਾਅ ਰਿਹਾ। ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਕਾਫ਼ੀ ਘਬਰਾਇਆ ਹੋਇਆ ਹੈ ਅਤੇ ਪੂਰੇ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਸ ਸਬੰਧੀ ਅੱਜ ਪੀੜਤ ਹਰਵੰਤ ਸਿੰਘ ਪੁੱਤਰ ਬਲਕਾਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਨਾਲ ਸੀਸੀਵੀਟੀ ਕੈਮਰੇ ਦੀਆਂ ਫੋਟੇਜ਼ ਅਤੇ ਵੀਡੀਓ ਕਲਿੱਪ ਵੀ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਤਿੰਨ ਅਣਪਛਾਤੇ ਵਿਅਕਤੀ ਰਾਤ ਸਮੇੇਂ ਕਰੀਬ ਪੌਣੇ 11 ਵਜੇ ਘਰ ਦੇ ਪਿਛਲੇ ਵਿਹੜੇ ਵਿੱਚ ਕੰਧ ਦਾ ਮੁਆਇਨਾ ਕਰਦੇ ਰਹੇ। ਉਪਰੰਤ ਪੌਣੇ 12 ਵਜੇ ਉਹ ਇੱਕ ਆਟੋ ਰਿਕਸ਼ਾ ਵਿੰਚ ਬੈਠ ਕੇ ਚਲੇ ਗਏ। ਜਿਸ ਆਟੋ ਵਿੱਚ ਉਹ ਸਵਾਰ ਹੋ ਕੇ ਗਏ, ਉਹ ਸੜਕ ਕਿਨਾਰੇ ਫੁੱਟਪਾਥ ’ਤੇ ਖੜਾ ਕੀਤਾ ਹੋਇਆ ਸੀ। ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਉਕਤ ਵਿਅਕਤੀਆਂ ਨਾਲ ਇੱਕ ਅੌਰਤ ਵੀ ਸੀ।
ਇਸ ਬਾਰੇ ਉਨ੍ਹਾਂ ਨੂੰ ਗੁਆਂਢੀ ਨੇ ਰਾਤ ਕਰੀਬ ਸਵਾ 12 ਵਜੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਅੰਦਰ ਕੁੱਝ ਅਣਪਛਾਤੇ ਬੰਦੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਹਨ। ਗੁਆਂਢੀਆਂ ਦਾ ਫੋਨ ਸੁਣ ਕੇ ਜਦੋਂ ਉਹ ਪਹਿਲੀ ਮੰਜ਼ਲ ਦੀ ਬਾਲਕੌਨੀ ਵਿੱਚ ਆਏ ਤਾਂ ਉਹ ਉੱਥੋਂ ਭੱਜ ਗਏ। ਪੀੜਤ ਪਰਿਵਾਰ ਨੇ ਆਪਣੇ ਹੋਰ ਗੁਆਂਢੀਆਂ ਨੂੰ ਸੱਦਿਆ ਅਤੇ ਤੁਰੰਤ ਪੁਲੀਸ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ।
ਇਲਾਕੇ ਦੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਮੰਗ ਕੀਤੀ ਕਿ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਾਤ ਸਮੇਂ ਰਿਹਾਇਸ਼ੀ ਖੇਤਰ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਸਕਣ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…