ਕੇਂਦਰੀ ਬਜਟ ਪੰਜਾਬ ਤੇ ਕਿਸਾਨ ਵਿਰੋਧੀ: ਪਰਵਿੰਦਰ ਸੋਹਾਣਾ

ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਕੇਂਦਰੀ ਬਜਟ 2025 ਵਿੱਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਐਮਐਸਪੀ ਕਾਨੂੰਨ ਦੀ ਗਰੰਟੀ, ਕਿਸਾਨ ਕਰਜ਼ਾ ਮੁਆਫ਼ੀ, ਫ਼ਸਲੀ ਵਿਭਿੰਨਤਾ ਲਈ ਵਿਸ਼ੇਸ਼ ਫ਼ੰਡ ਜਾਂ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਸ਼ਾਮਲ ਨਹੀਂ ਕੀਤੀਆਂ ਗਈਆਂ। ਅੱਜ ਇੱਥੇ ਕੇਂਦਰੀ ਬਜਟ ’ਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਹਿਜ਼ ਚੋਣ ਬਜਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਰਾ ਜ਼ੋਰ ਬਿਹਾਰ ਤੇ ਆਸਾਮ ਵਰਗੇ ਰਾਜਾਂ ’ਤੇ ਦਿੱਤਾ ਗਿਆ, ਜਦਕਿ ਪੰਜਾਬ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਿਕ ਐਮ.ਐੱਸ.ਪੀ. ਦੀ ਗਰੰਟੀ ਲਈ ਬਜਟ ਵਿਚ ਕਿਤੇ ਨਜ਼ਰ ਨਹੀ ਆਈ। ਜਦ ਕਿ ਕਿਸਾਨ ਪੂਰੀ ਕਰਜ਼ਾ ਮੁਆਫ਼ੀ ਦੀ ਉਮੀਦ ਕਰ ਰਹੇ ਸਨ, ਪਰ ਬਜਟ ਵਿਚ ਇਸ ਸੰਬੰਧੀ ਵੀ ਕੋਈ ਤਜਵੀਜ਼ ਨਹੀਂ ਰੱਖੀ ਗਈ। ਉਨ੍ਹਾਂ ਪੀਐਮ ਫ਼ਸਲ ਬੀਮਾ ਯੋਜਨਾ ਬਾਰੇ ਵੀ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੀਮ ਵਿਚ ਹੋਰ ਸੁਧਾਰ ਅਤੇ ਵਾਧੂ ਫ਼ੰਡਾਂ ਦੀ ਲੋੜ ਸੀ, ਪਰ ਇਹ ਵੀ ਨਹੀਂ ਦਿੱਤੇ ਗਏ।
ਪੰਜਾਬੀ ਕਿਸਾਨ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਨੂੰ ਝੋਨੇ ਦੇ ਫ਼ਸਲੀ ਚੱਕਰ ਤੋਂ ਬਚਾਉਣ ਲਈ ਵਿਸ਼ੇਸ਼ ਪੈਕੇਜ ਮਿਲੇਗਾ, ਪਰ ਕੋਈ ਵੀ ਫ਼ੰਡ ਇਸ ਲਈ ਉਪਲਬਧ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਹਿਰੀ ਸਿੰਚਾਈ ਪ੍ਰਣਾਲੀ ਦੀ ਅਪਗ੍ਰੇਡੇਸ਼ਨ ਲਈ ਵੀ ਕੋਈ ਵਿਸ਼ੇਸ਼ ਰਕਮ ਨਹੀਂ ਰੱਖੀ ਗਈ। ਇਸ ਦੇ ਇਲਾਵਾ ਸਰਹੱਦੀ ਰਾਜਾਂ ਤੇ ਉਦਯੋਗ ਖੇਤਰ ਲਈ ਵੀ ਕੋਈ ਪੈਕੇਜ ਨਹੀਂ ਦਿਤਾ ਗਿਆ। ਅਕਾਲੀ ਆਗੂ ਨੇ ਬਜਟ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕੇਂਦਰ ਸਰਕਾਰ ਤੋਂ ਨਵੀਂ ਖੇਤੀਬਾੜੀ ਨੀਤੀ ਅਤੇ ਰੁਜ਼ਗਾਰ ਉਤਸ਼ਾਹੀ ਸਕੀਮਾਂ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਨਬਜ਼-ਏ-ਪੰਜਾਬ, ਮੁਹਾਲ…