ਕੇਂਦਰੀ ਬਜ਼ਟ: ਪੰਜਾਬ ਦਾ ਨਾਂ ਤੱਕ ਨਾ ਲੈਣਾ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ: ਕੁਲਜੀਤ ਬੇਦੀ
ਕੀ ਪੰਜਾਬ ਨੂੰ ਕੇਂਦਰ ਤੋਂ ਵਿੱਤੀ ਸਹਾਇਤਾ ਲਈ ਕਰਨੀ ਪਵੇਗੀ ਚੋਣਾਂ ਤੱਕ ਦੀ ਉਡੀਕ?
ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਬਜਟ ਨੇ ਪੰਜਾਬ ਨੂੰ ਨਿਰਾਸ਼ ਕਰ ਦਿੱਤਾ ਹੈ। ਇਹ ਪ੍ਰਗਟਾਵਾ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਜਟ ’ਤੇ ਟਿੱਪਣੀ ਕਰਦਿਆਂ ਕੀਤਾ। ਆਪਣੀ ਨਾਰਾਜ਼ਗੀ ਦਰਸਾਉਂਦੇ ਹੋਏ ਕੁਲਜੀਤ ਬੇਦੀ ਨੇ ਕਿਹਾ ਕਿ ਬਜਟ ਵਿੱਚ ਮਿਡਲ ਕਲਾਸ ਨੂੰ ਭਾਵੇਂ ਇਨਕਮ ਟੈਕਸ ਵਿੱਚ ਛੋਟ ਦਿੱਤੀ ਗਈ ਹੈ ਪਰ ਪੰਜਾਬ ਦੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਾ ਕਰਨਾ, ਖੇਤੀਬਾੜੀ ਅਤੇ ਐਮਐਸਪੀ ਬਾਰੇ ਕੋਈ ਚਰਚਾ ਨਾ ਕਰਨਾ ਅਤੇ ਪੰਜਾਬ ਦੇ ਉਦਯੋਗ ਲਈ ਕੋਈ ਖਾਸ ਘੋਸ਼ਣਾ ਨਾ ਕਰਨਾ, ਇਹ ਦਰਸਾਉਂਦਾ ਹੈ ਕਿ ਇਹ ਕੇਂਦਰੀ ਬਜਟ ਸਿਰਫ਼ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਅਤੇ ਸਰਹੱਦੀ ਸੂਬਾ ਹੈ, ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ ਪਰ ਬਜਟ ਵਿੱਚ ਪੰਜਾਬੀ ਸੂਬੇ ਲਈ ਕੋਈ ਖਾਸ ਪੈਕੇਜ ਜਾਂ ਪ੍ਰਾਜੈਕਟ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਉਲਟ ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ, ਜਿੱਥੇ ਛੇਤੀ ਚੋਣਾਂ ਹਨ, ਨੂੰ ਵੱਡੇ ਗੱਫੇ ਦਿੱਤੇ ਗਏ ਹਨ। ਇਸ ਅਸਮਾਨਤਾ ਨੂੰ ਕੇਂਦਰ ਸਰਕਾਰ ਦਾ ਪੱਖਪਾਤ ਦੱਸਦਿਆਂ ਡਿਪਟੀ ਮੇਅਰ ਨੇ ਕਿਹਾ ਕਿ ਇਹ ਸਰਕਾਰ ਚੋਣਾਂ ਦੇ ਲਾਭ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਆਲੋਚਨਾ ਕੀਤੀ ਕਿ ਬਜਟ ਕਾਰਪੋਰੇਟ ਹਿੱਤਾਂ ਅਤੇ ਕੁਝ ਅਮੀਰ ਪਰਿਵਾਰਾਂ ਦੇ ਫ਼ਾਇਦੇ ਲਈ ਬਣਾਇਆ ਗਿਆ ਹੈ। ਜਿਸ ਵਿੱਚ ਆਮ ਲੋਕਾਂ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਜਾਂ ਛੋਟੇ ਉਦਯੋਗਾਂ ਨੂੰ ਸਹਾਰਾ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਅਤੇ ਕਿਰਸਾਨੀ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਪੈਕੇਜ ਦੀ ਲੋੜ ਹੈ।
ਅਖੀਰ ਵਿੱਚ ਕੁਲਜੀਤ ਬੇਦੀ ਨੇ ਇਸ ਬਜਟ ਨੂੰ ਨਿਰਾਸ਼ਾਜਨਕ ਅਤੇ ਇਕਤਰਫ਼ਾ ਦੱਸਿਆ, ਜੋ ਕਿ ਸਿਰਫ਼ ਪੂੰਜੀਪਤੀਆਂ ਅਤੇ ਕੁਝ ਚੁਣੇ ਹੋਏ ਲੋਕਾਂ ਦੇ ਹਿੱਤਾਂ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਵਿਲੱਖਣ ਚੁਨੌਤੀਆਂ ਵੱਲ ਧਿਆਨ ਦੇਣ ਅਤੇ ਭਵਿੱਖ ਦੀਆਂ ਨੀਤੀਆਂ ਵਿੱਚ ਰਾਜ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ।