
ਦੇਸ਼ ਦੇ ਕਿਸਾਨਾਂ ਨੂੰ ਕੀੜੇ-ਮਕੌੜੇ ਸਮਝਣਾ ਬੰਦ ਕਰੇ ਕੇਂਦਰ ਸਰਕਾਰ: ਬੀਰ ਦਵਿੰਦਰ ਸਿੰਘ
ਲਖੀਮਪੁਰ ਖੀਰੀ ਹਾਦਸਾ ਮੋਦੀ ਤੇ ਯੋਗੀ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਲਖੀਮਪੁਰ ਦੀ ਦਿਲਕੰਬਾਊ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਦੀ ਅਤੇ ਯੋਗੀ ਦੇਸ਼ ਦੇ ਕਿਸਾਨਾਂ ਨੂੰ ਕੀੜੇ-ਮਕੌੜੇ ਸਮਝਦੇ ਹਨ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟਾਂ ਦੇ ਇਸ਼ਾਰੇ ’ਤੇ ਖੇਤੀਬਾੜੀ ਦੇ ਧੰਦੇ ਨੂੰ ਮੁਕੰਮਲ ਤੌਰ ’ਤੇ ਬਰਬਾਦ ਕਰਨ ਦੀ ਸਾਜ਼ਿਸ਼ ਅਧੀਨ ਲਿਆਂਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਦੇਸ਼ ਵਿਆਪੀ ਕਿਸਾਨ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਇੱਕਮੁੱਠ ਹੋ ਚੁੱਕਾ ਹੈ। ਬੜੀ ਸ਼ਰਮ ਦੀ ਗੱਲ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਦੇ ਪੁੱਤਰ ਦੇ ਕਾਰਾਂ ਦੇ ਕਾਫ਼ਲੇ ਨੇ ਕੀੜੇ-ਮਕੌੜਿਆਂ ਵਾਂਗ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਲਟਾ ਭਾਜਪਾ ਆਗੂ ਕਿਸਾਨਾਂ ਵਿਰੁੱਧ ਇਹ ਦੋਸ਼ ਮੜ੍ਹ ਰਹੇ ਹਨ ਕਿ ਅੰਦੋਲਨਕਾਰੀ ਕਿਸਾਨ ‘ਖਾਲਿਸਤਾਨੀ’ ਸਨ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਹੁਕਮਰਾਨ ਆਪਣੇ ਜ਼ੁਰਮ ਨੂੰ ਛੁਪਾਉਣ ਲਈ ਅਜਿਹੀਆਂ ਬੇਤੁਕੀਆਂ ਗੱਲਾਂ ਕਰਨ ਨਾਲ ਭਾਜਪਾ ਦੇਸ਼ ਨੂੰ ਤੋੜਨ ਵਾਲੇ ਪਾਸੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਛੱਡ ਕੇ ਸਾਰਾ ਪੰਜਾਬ ਅਤੇ ਰਾਜਸੀ ਪਾਰਟੀਆਂ ਕਿਸਾਨ ਅੰਦੋਲਨ ਦੀ ਪਿੱਠ ’ਤੇ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੋਏ ਨੌਜਵਾਨ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਇਸ ਹਾਦਸੇ ਵਿੱਚ ਫੌਤ ਹੋਏ ਨੌਜਵਾਨ ਕਿਸਾਨਾਂ ਦੀ ਕੁਰਬਾਨੀ ਅੰਜਾਈਂ ਨਹੀਂ ਜਾਵੇਗੀ, ਉਹ ਕਿਸਾਨੀ ਅੰਦੋਲਨ ਦੇ ਵੱਡੇ ਸ਼ਹੀਦ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਾਲੇ ਵੀ ਆਪਣੀ ਜ਼ਿੱਦ ਛੱਡ ਕੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ ਅਤੇ ਗਲ ਵਿੱਚ ਪੱਲਾ ਪਾ ਕੇ ਕਿਸਾਨਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਲਖੀਮਪੁਰ ਵਿੱਚ ਵਾਪਰਿਆ ਮੌਤ ਦਾ ਤਾਂਡਵ, ਮੋਦੀ ਅਤੇ ਯੋਗੀ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ।