
ਹਰਿਆਣਾ ਸਰਕਾਰ ਵਾਂਗ ਅੰਦੋਲਨਕਾਰੀ ਕਿਸਾਨਾਂ ਦੀ ਛੇਤੀ ਗੱਲ ਸੁਣੇ ਕੇਂਦਰ ਸਰਕਾਰ: ਬਡਹੇੜੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਸਤੰਬਰ:
ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਜਿਵੇਂ ਹਰਿਆਣਾ ਸਰਕਾਰ ਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਸਮਝੌਤਾ ਕਰ ਲਿਆ ਹੈ ਤੇ ਦੋਸ਼ੀ ਅਫ਼ਸਰ ਨੂੰ ਛੁੱਟੀ ’ਤੇ ਭੇਜ ਕੇ ਜਾਂਚ ਬਿਠਾ ਦਿੱਤੀ ਹੈ, ਤਿਵੇਂ ਹੀ ਉਸੇ ਲੀਹ ’ਤੇ ਕੇਂਦਰ ਸਰਕਾਰ ਨੂੰ ਵੀ ਦਿੱਲੀ ਦੀਆਂ ਬਰੂਹਾਂ ’ਤੇ ਬੇਠੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਕਿਸੇ ਤਣ ਪੱਤਣ ਪੁੱਜਣਾ ਚਾਹੀਦਾ ਹੈ।
ਅੱਜ ਇੱਥੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਸ੍ਰੀ ਬਡਹੇੜੀ ਨੇ ਕਿਹਾ ਕਿ ਕਿਸਾਨ ਪਿਛਲੇ ਸਾਢੇ 9 ਮਹੀਨਿਆਂ ਤੋਂ ਰਾਜਧਾਨੀ ਦੀਆਂ ਸੜਕਾਂ ‘ਤੇ ਰੁਲ਼ ਰਹੇ ਹਨ ਅਤੇ 500 ਦੇ ਕਰੀਬ ਕਿਸਾਨ ਉੱਥੇ ਧਰਨਿਆਂ ਦੌਰਾਨ ਹੀ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਮੀਂਹ, ਹਨੇਰੀ, ਗਰਮੀ ਤੇ ਸਰਦੀ ਦਾ ਮੁਕਾਬਲਾ ਕਰਦੇ ਤੇ ਜੂਝਦੇ ਅੰਨਦਾਤਾ ਕਿਸਾਨਾਂ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ।
ਸ੍ਰੀ ਬਡਹੇੜੀ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਤੇ ਨਾਲ ਜੁੜੇ ਹੋਰ ਬਹੁਤ ਸਾਰੇ ਖੇਤਰ ਵੀ ਇਸ ਸੰਘਰਸ਼ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇੱਕ ਇੱਕ ਕਿਸਾਨ ਦੇ ਪਿੱਛੇ ਪੰਜ ਸੱਤ ਪਰਿਵਾਰਕ ਮੈਂਬਰ ਹੁੰਦੇ ਹਨ। ਉਹ ਸਾਰੇ ਹੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਡਾਢੇ ਖ਼ਫ਼ਾ ਤੇ ਨਿਰਾਸ਼ ਹਨ। ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਦਿਆਂ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ ਅਤੇ ਐੱਮਐੱਸਪੀ ਸਮੇਤ ਹੋਰ ਮਾਮਲਿਆਂ ਉੱਤੇ ਨਿੱਠ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ।