
ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਠੱਲ੍ਹ ਪਾਏ ਕੇਂਦਰ ਸਰਕਾਰ: ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕੇਂਦਰ ਸਰਕਾਰ ਤੋਂ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਰੋਜ਼ਾਨਾ ਵਧਦੀਆਂ ਕੀਮਤਾਂ ’ਤੇ ਤੁਰੰਤ ਨਕੇਲ ਕਸਣ ਦੀ ਮੰਗ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਪੂਰੇ ਦੇਸ਼ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਦੀ ਮਾਰ ਹਰ ਵਰਗ ਉੱਤੇ ਪੈ ਰਹੀ ਹੈ ਅਤੇ ਆਮ ਲੋਕਾਂ ਦੀਆਂ ਰੋਟੀ ਅਤੇ ਕੱਪੜੇ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਹਨ। ਗਰੀਬ ਦੀ ਥਾਲੀ ’ਚੋਂ ਸਬਜ਼ੀਆਂ ਅਤੇ ਦਾਲਾਂ ਗਾਇਬ ਹੋ ਚੁੱਕੀਆਂ ਹਨ, ਪਰ ਇਸ ਸਭ ਦੇ ਬਾਵਜੂਦ ਮੋਦੀ ਸਰਕਾਰ ਮਹਿੰਗਾਈ ਦੀ ਰੋਕਥਾਮ ਲਈ ਕੋਈ ਉਪਾਅ ਨਹੀਂ ਕਰ ਰਹੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 100 ਰੁਪਏ ਤੋਂ ਉਪਰ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਧਣ ਨਾਲ ਹੋਰਨਾਂ ਚੀਜ਼ਾਂ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲਗ ਪਈਆਂ ਹਨ। ਹੁਣ ਜਦੋਂ ਦੀਵਾਲੀ ਵਰਗਾ ਵੱਡਾ ਤਿਉਹਾਰ ਆ ਰਿਹਾ ਹੈ ਤਾਂ ਲੋਕਾਂ ਨੂੰ ਮਹਿੰਗਾਈ ਕਾਰਨ ਆਪਣੇ ਦੀਵਾਲੀ ਮਨਾਉਣ ਦੀ ਖੁਸ਼ੀ ਪੂਰੀ ਹੁੰਦੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਨਰਿੰਦਰ ਮੋਦੀ ਨੂੰ ਇਕ ਅਸਫਲ ਪ੍ਰਧਾਨ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਆਪਣੇ 7 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਸਿਰਫ ਸਰਕਾਰੀ ਕੰਪਨੀਆਂ ਨੂੰ ਹੀ ਵੇਚਣ ’ਤੇ ਲੱਗੇ ਰਹੇ ਤੇ ਉਨ੍ਹਾਂ ਨੇ ਦੇਸ਼ ਦੇ ਲੋਕਾਂ ਚੋਣਾਂ ਸਮੇਂ ਕੀਤੇ ਵੱਡੇ ਵੱਡੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਨਾ ਮਹਿੰਗਾਈ ਦੀ ਰੋਕਥਾਮ ਹੋਈ, ਨਾ ਕਿਸਾਨਾਂ ਦੀ ਗੱਲ ਸੁਣੀ, ਨਾ ਕਾਲਾ ਧਨ ਵਾਪਸ ਆਇਆ, ਨਾ ਨਵੀਆਂ ਸਰਕਾਰੀ ਕੰਪਨੀਆਂ ਲੱਗੀਆਂ ਉਲਟਾ ਮੋਦੀ ਸਰਕਾਰ ਨੇ ਸਿਰਫ਼ ਪੂੰਜੀਪਤੀਆਂ ਦੀ ਪੁਸ਼ਤਪਨਾਹੀ ਕਰਦਿਆਂ ਦੇਸ਼ ਦੇ ਗਰੀਬ ਲੋਕਾਂ ਅਤੇ ਕਿਰਸਾਣੀ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨੰਗੇ ਹੋ ਕੇ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਆਗੂ ਹੁਣ ਪੂਰੀ ਤਰ੍ਹਾਂ ਮੌਨ ਬਣ ਕੇ ਆਪਣੇ ਸਵਾਰਥੀ ਹਿੱਤਾਂ ਦਾ ਪ੍ਰਗਟਾਵਾ ਕਰ ਰਹੇ ਹਨ।