
ਅਕਾਲੀ ਦਲ ਦੇ ਬਾਕੀ ਉਮੀਦਵਾਰਾਂ ਦੀ ਅਗਲੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ: ਚੰਦੂਮਾਜਰਾ
ਆਜ਼ਾਦ ਉਮੀਦਵਾਰ ਬਲਜਿੰਦਰ ਬੇਦੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ
ਚੰਦੂਮਾਜਰਾ ਨੇ ਵਾਰਡ ਨੰਬਰ-50 ਤੋਂ ਬਲਜਿੰਦਰ ਸਿੰਘ ਬੇਦੀ ਨੂੰ ਉਮੀਦਵਾਰ ਐਲਾਨਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਆਜ਼ਾਦ ਉਮੀਦਵਾਰ ਬਲਜਿੰਦਰ ਸਿੰਘ ਬੇਦੀ ਨੇ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਲਜਿੰਦਰ ਬੇਦੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇੱਥੋਂ ਦੇ ਵਾਰਡ ਨੰਬਰ-50 ਤੋਂ ਉਮੀਦਵਾਰ ਐਲਾਨਿਆ ਗਿਆ। ਚੰਦੂਮਾਜਰਾ ਨੇ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਅਗਲੀ ਸੂਚੀ ਵੀ ਜਲਦੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਵੱਲੋਂ ਅਕਾਲੀ ਦਲ ਦੀ ਟਿਕਟ ਹਾਸਲ ਕਰਨ ਲਈ ਅਪਲਾਈ ਕੀਤਾ ਜਾ ਰਿਹਾ ਹੈ ਅਤੇ ਮੈਰਿਟ ਦੇ ਆਧਾਰ ’ਤੇ ਟਿਕਟ ਦੀ ਵੰਡ ਕੀਤੀ ਜਾ ਰਹੀ ਹੈ।
ਸ੍ਰੀ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਮੁਹਾਲੀ ਦੀ ਨਵੀਂ ਵਾਰਡਬੰਦੀ ਕਰਨ ਸਬੰਧੀ ਪੱਖਪਾਤ ਕੀਤਾ ਗਿਆ ਅਤੇ ਆਮ ਲੋਕਾਂ ਦੇ ਇਤਰਾਜ਼ ਵੀ ਨਹੀਂ ਸੁਣੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਆਪਣੇ ਨਿੱਜੀ ਫਾਇਦੇ ਲਈ ਪੁਰਾਣੇ ਵਾਰਡਾਂ ਦੀ ਮਨਮਰਜ਼ੀ ਨਾਲ ਭੰਨਤੋੜ ਕੀਤੀ ਗਈ ਹੈ ਅਤੇ ਵਿਰੋਧੀਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ, ਜੋ ਸਰਾਸਰ ਸਿੱਧੇ ਰੂਪ ਵਿੱਚ ਲੋਕਤੰਤਰ ਦੀ ਤੌਹੀਨ ਹੈ।
ਇਸ ਮੌਕੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ, ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਮਨਪ੍ਰੀਤ ਸਿੰਘ ਪ੍ਰਿੰਸ ਤੋਂ ਇਲਾਵਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਰਵਿੰਦਰ ਸਿੰਘ, ਚਾਹਲ, ਆਰ.ਕੇ. ਜੈਨ, ਸ਼ਾਮ ਸਿੰਘ, ਸਰਬਜੋਤ ਸਿੰਘ, ਗੁਰਵਿੰਦਰ ਸਿੰਘ, ਰਾਜਿੰਦਰ ਕੌਰ, ਮਨਿੰਦਰ ਸਿੰਘ, ਗੁਰਦੀਪ ਸਿੰਘ, ਅਮਰਜੋਤ ਸਿੰਘ, ਗੁਰਤੇਜ ਸਿੰਘ, ਬਹਾਦਰ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।