nabaz-e-punjab.com

ਐੱਨਆਈਏ ਰਾਹੀਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਧਮਕਾਉਣਾ ਛੱਡੇ ਕੇਂਦਰ ਸਰਕਾਰ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜਨਵਰੀ:
ਪੰਜਾਬ ਦੇ ਸਿੱਖ ਕਿਸਾਨ ਆਗੂ ਅਤੇ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਇੱਥੇ ਬਿਆਨ ਜਾਰੀ ਕਰਦਿਆਂ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਅਤੇ ਐੱਨਆਈਏ ਅਤੇ ਸੀਬੀਆਈ ਜਿਹੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵੱਲੋਂ ‘ਕੌਮੀ ਜਾਂਚ ਏਜੰਸੀ’ (ਐੱਨਆਈਏ) ਦੀ ਵਰਤੋਂ ਕਰ ਕੇ ਕਿਸਾਨਾਂ ਨੂੰ ਡਰਾਉਣ-ਧਮਕਾਉਣ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਨੂੰ ਪੰਜਾਬੀਆਂ ਦੇ ਸਿਰੜ ਦਾ ਹਾਲੇ ਸ਼ਾਇਦ ਅੰਦਾਜ਼ਾ ਨਹੀਂ ਹੈ। ਬਡਹੇੜੀ ਨੇ ਆਮ ਲੋਕਾਂ, ਖ਼ਾਸ ਕਰ ਕੇ ਪੰਜਾਬੀਆਂ ਨੂੰ ਕਿਸਾਨਾਂ ਦੇ 26 ਜਨਵਰੀ ਨੂੰ ਪ੍ਰਸਤਾਵਿਤ ‘ਟਰੈਕਟਰ ਮਾਰਚ’ ਵਿੱਚ ਜ਼ੋਰ-ਸ਼ੋਰ ਨਾਲ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਸ੍ਰੀ ਬਡਹੇੜੀ ਨੇ ਕਿਹਾ ਹੈ ਕਿ ਹੁਣ ਦਰਅਸਲ, ਭਾਰਤ ਸਰਕਾਰ ਕਸੂਤੀ ਫਸ ਗਈ ਹੈ ਤੇ ਇਹ ਕਾਨੂੰਨ ਉਸ ਲਈ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਬਣ ਕੇ ਰਹਿ ਗਏ ਹਨ। ਵੱਡੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਕਾਰਣ ਹੁਣ ਉਸ ਤੋਂ ਇਹ ਕਾਨੂੰਨ ਵਾਪਸ ਵੀ ਨਹੀਂ ਲਏ ਜਾ ਰਹੇ। ਪਰ ਸਰਕਾਰ ਨੂੰ ਅੰਦਰਖਾਤੇ ਕਿਸਾਨਾਂ ਦੀ ਤਾਕਤ ਦਾ ਅਹਿਸਾਸ ਵੀ ਹੋ ਗਿਆ ਹੈ; ਇਸੇ ਲਈ ਉਹ ਹੁਣ ਘਬਰਾ ਕੇ ਹੋਰ ਵੀ ਗ਼ਲਤ ਕਦਮ ਚੁੱਕ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਕੇਂਦਰ ਦੀ ਐੱਨਡੀਏ ਸਰਕਾਰ ਦੇ ਕਾਰਜਕਾਲ ਦੌਰਾਨ ਇਹੋ ਕੁਝ ਹੁੰਦਾ ਆ ਰਿਹਾ ਹੈ; ਜਦੋਂ ਵੀ ਕੋਈ ਉਸ ਦੀ ਕਿਸੇ ਗਲਤ ਕਾਰਵਾਈ ਕਾਰਣ ਨਿੰਦਾ ਕਰਦਾ ਹੈ, ਤਾਂ ਉਸ ਉੱਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਜਾਂ ਆਮਦਨ ਟੈਕਸ ਵਿਭਾਗ ਤੇ ਐਕਸਾਈਜ਼ ਵਿਭਾਗ ਦੇ ਛਾਪੇ ਪੁਆ ਦਿੱਤੇ ਜਾਂਦੇ ਹਨ।
ਹੁਣ ਐੱਨਆਈਏ ਜਿਹੀਆਂ ਜਾਂਚ ਏਜੰਸੀਆਂ ਦੀ ਵੀ ਦੁਰਵਰਤੋਂ ਹੋਣ ਲੱਗ ਪਈ ਹੈ। ਸ੍ਰੀ ਬਡਹੇੜੀ ਨੇ ਕਿਹਾ ਹੈ ਕਿ ਆਮ ਲੋਕ ਕਿਸਾਨਾਂ ਤੇ ਉਨ੍ਹਾਂ ਦੇ ਅੰਦੋਲਨ ਨਾਲ ਡਟੇ ਹੋਏ ਹਨ। ਦਿੱਲੀ ਦੀਆਂ ਸੀਮਾਵਾਂ ਉੱਤੇ ਰੋਜ਼ਾਨਾ ਲਗਭਗ ਇੱਕ ਅੰਦੋਲਨਕਾਰੀ ਕਿਸਾਨ ਸਖ਼ਤ ਠੰਢ ਕਾਰਨ ਸ਼ਹੀਦ ਹੋ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਆਪਣੇ ਤਿੰਨੇ ਵਿਵਾਦਗ੍ਰਸਤ ਖੇਤੀ ਕਾਨੂੰਨ ਤੁਰੰਤ ਵਾਪਸ ਲੈ ਲੈਣੇ ਚਾਹੀਦੇ ਹਨ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…