ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣ ’ਚ ਕੇਂਦਰ ਸਰਕਾਰ ਬੇਬਸ: ਸਿੱਧੂ

ਮੁਹਾਲੀ ’ਚ ਡੈਂਟਲ ਕਾਲਜ, ਹੋਮਿਓਪੈਥਿਕ ਕਾਲਜ, ਆਯੁਰਵੈਦਿਕ ਕਾਲਜ, ਫਾਰਮੇਸੀ ਕਾਲਜ ਸਥਾਪਿਤ ਕਰਨਾ ਮੇਰਾ ਟੀਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਛਿੜੀ ਬੇਲੋੜੀ ਜੰਗ ਕਾਰਨ ਭਾਰਤ ਦਾ ਇੱਕ ਬਹੁਤ ਵੱਡਾ ਮਸਲਾ ਉਜਾਗਰ ਹੋਇਆ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਜਾਣਕਾਰੀ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀ ਬੇਗਾਨੇ ਮੂਲਕ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ, ਜੋ ਕਈ ਦਿਨਾਂ ਤੋਂ ਭੁੱਖੇ-ਭਾਣੇ ਵੀ ਹਨ।
ਅੱਜ ਇੱਥੇ ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਭਾਰਤ ਅਤੇ ਪੰਜਾਬ ਲਿਆਉਣ ਵਿੱਚ ਬੇਬਸ ਅਤੇ ਲਾਚਾਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ 60 ਤੋਂ ਵੱਧ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਏ ਜਾਣੇ ਸਨ ਪ੍ਰੰਤੂ ਹੁਣ ਤੱਕ ਸਿਰਫ਼ 46 ਮੈਡੀਕਲ ਕਾਲਜ ਹੀ ਬਣੇ ਹਨ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਖਰਚ ਕੇ ਯੂਕਰੇਨ ਵਰਗੇ ਮੁਲਕਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਨੂੰ ਜੇਕਰ ਭਾਰਤ ਵਿੱਚ ਡਾਕਟਰੀ ਦੀ ਪੜ੍ਹਾਈ ਦੀ ਸੁਵਿਧਾ ਮਿਲੀ ਹੁੰਦੀ ਤਾਂ ਅੱਜ ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਦੇ ਮਾਪੇ ਆਪਣੀ ਜਾਨ ਤੋਂ ਵੀ ਪਿਆਰੇ ਬੱਚਿਆਂ ਦੀ ਜਾਨ ਦੀ ਸਲਾਮਤੀ ਲਈ ਖ਼ੁਦ ਤਿਲ ਤਿਲ ਕਰਕੇ ਮਰ ਨਾ ਰਹੇ ਹੁੰਦੇ।
ਮੁਹਾਲੀ ਬਾਰੇ ਗੱਲ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਇਹ ਟੀਚਾ ਹੈ ਕਿ ਉਹ ਮੁਹਾਲੀ ਵਿੱਚ ਮੈਡੀਕਲ ਡੈਂਟਲ ਕਾਲਜ, ਆਯੁਰਵੈਦਿਕ ਕਾਲਜ, ਹੋਮਿਓਪੈਥਿਕ ਕਾਲਜ ਅਤੇ ਫਾਰਮੇਸੀ ਕਾਲੇਜ ਲਿਆਉਣਗੇ ਅਤੇ ਮੁਹਾਲੀ ਨੂੰ ਮੈਡੀਕਲ ਹੱਬ ਬਣਾਉਣ ਲਈ ਪੂਰੀ ਤਨਦੇਹੀ ਨਾਲ ਉਪਰਾਲੇ ਕੀਤੇ ਜਾਣਗੇ ਤਾਂ ਜੋ ਮਰੀਜ਼ਾਂ ਦੇ ਇਲਾਜ ਲਈ ਵੱਧ ਤੋਂ ਵੱਧ ਡਾਕਟਰ ਅਤੇ ਹੋਰ ਅਮਲਾ ਤਿਆਰ ਹੋ ਸਕੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਵੱਖ-ਵੱਖ ਮੁਲਕਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਸਿਰਫ਼ ਇਸ ਕਰਕੇ ਜਾਂਦੇ ਹਨ ਕਿਉਂਕਿ ਬੇਗਾਨੇ ਮੁਲਕਾਂ ਵਿੱਚ ਮੈਡੀਕਲ ਦੀ ਪੜ੍ਹਾਈ ਭਾਰਤ ਨਾਲੋਂ ਕਾਫ਼ੀ ਸਸਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਨੀਟ ਦੀ ਪ੍ਰੀਖਿਆ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਦਾ ਹੈ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਵੀ ਦਾਖ਼ਲਾ ਕੋਈ ਸੌਖਾ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਜੇਕਰ ਮੈਡੀਕਲ ਕਾਲਜ ਵੱਧ ਹੋਣ ਤਾਂ ਵੱਧ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਣਾ ਸੰਭਵ ਹੈ ਪਰ ਕੇਂਦਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਹਰ ਵਰ੍ਹੇ 7-8 ਲੱਖ ਬੱਚੇ ਨੀਟ ਦੀ ਪ੍ਰੀਖਿਆ ਪਾਸ ਕਰਦੇ ਹਨ ਪਰ ਭਾਰਤ ਵਿੱਚ ਮੈਡੀਕਲ ਦੀਆਂ ਸਿਰਫ਼ 90 ਹਜ਼ਾਰ ਸੀਟਾਂ ਉਪਲਬਧ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…