ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਜਿਨਸੀ ਸ਼ੋਸ਼ਣ ਤੇ ਕਿਸਾਨੀ ਮੰਗਾਂ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ

ਪੱਤਰਕਾਰ ਸੰਮੇਲਨ ਦੌਰਾਨ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ, ਵੱਡੇ ਦਾਅਵੇ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ। ਹਾਲਾਂਕਿ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਵੱਲੋਂ ਮਹਿਲਾ ਸ਼ਸ਼ਕਤੀਕਰਨ ਅਤੇ ਖੇਤੀ ਸੈਕਟਰ ਬਾਰੇ ਵੱਡੇ ਵੱਡੇ ਦਾਅਵੇ ਕੀਤੇ ਗਏ ਪ੍ਰੰਤੂ ਜਦੋਂ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਪਹਿਲਵਾਨਾਂ ਵੱਲੋਂ ਦਿੱਲੀ ਵਿੱਚ ਜੰਤਰ-ਮੰਤਰ ’ਤੇ ਧਰਨਾ ਦੇਣ ਅਤੇ ਕਿਸਾਨਾਂ ਦੀਆਂ ਪੈਂਡਿੰਗ ਮੰਗਾਂ ਬਾਰੇ ਪੁੱਛਿਆ ਤਾਂ ਕੇਂਦਰੀ ਮੰਤਰੀ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਗਏ। ਉਹ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਕੇਂਦਰ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਬਾਰੇ ਹੀ ਸਵਾਲ ਕੀਤ ਜਾਣ। ਇਹੀ ਨਹੀਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕੇਂਦਰੀ ਮੰਤਰੀ ਨੂੰ ਮੀਡੀਆ ਦੇ ਤਿੱਖੇ ਸਵਾਲਾਂ ਤੋਂ ਬਚਾਉਣ ਲਈ ਮੰਚ ਤੋਂ ਇਹ ਘੋਸ਼ਣਾ ਕੀਤੀ ਗਈ ਕਿ ਹੁਣ ਕੋਈ ਬਾਈਟ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਵੰਨ ਟੂ ਵੰਨ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੈੱਡ ਪਲੱਸ ਸੁਰੱਖਿਆ ਨਾ ਲੈਣ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਭਾਵੇਂ ਇਸ ਦੀ ਲੋੜ ਹੈ ਜਾਂ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸੈਨਾ ਦਾ ਮਨੋਬਲ ਵਧਿਆ ਹੈ। ਵਿਰੋਧੀ ਧਿਰਾਂ ਵੱਲੋਂ ਸਿਆਸੀ ਬਦਲਾਖੋਰੀ, ਫੰਡ ਰੋਕਣ ਅਤੇ ਦੇਸ਼ ਵਿੱਚ ਅਸ਼ਾਂਤੀ ਫੈਲਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਭਾਜਪਾ ਆਗੂ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਏਕਤਾ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ। ਪਿਛਲੀ ਵਾਰ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਦੇਸ਼ ਦੇ ਲੋਕਾਂ ਨੇ ਭਾਜਪਾ ਦੇ ਹੱਕ ਵਿੱਚ ਫ਼ਤਵਾ ਦਿੱਤਾ।
ਇਸ ਤੋਂ ਪਹਿਲਾਂ ਨਾਲ ਗੱਲਬਾਤ ਦੌਰਾਨ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਆਜ਼ਾਦੀ ਮਿਲੀ ਸੀ ਪਰ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਨ ਨਾ ਸਿਰਫ਼ ਦੇਸ਼ ਪਿੱਛੇ ਧੱਕ ਦਿੱਤਾ ਬਲਕਿ ਭ੍ਰਿਸ਼ਟਾਚਾਰ ਦੇ ਝੰਡੇ ਗੱਡੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਦੁਖੀ ਦੇਸ਼ ਦੀ ਜਨਤਾ ਨੇ ਚੰਗੇ ਦਿਨ ਆਉਣ ਦੀ ਆਸ ਵਿੱਚ ਭਾਜਪਾ ਨੂੰ ਸੱਤਾ ਸੌਂਪੀ ਗਈ। ਜਿਸ ’ਤੇ ਪ੍ਰਧਾਨ ਮੰਤਰੀ ਖਰਾ ਉੱਤਰੇ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਜਿੱਥੇ ਦੇਸ਼ ਨੂੰ ਯੋਗ ਅਗਵਾਈ ਦਿੱਤੀ, ਉੱਥੇ ਭਾਰਤ ਦਾ ਖੋਹਿਆ ਹੋਇਆ ਸਨਮਾਨ ਵੀ ਬਹਾਲ ਕੀਤਾ। ਦੇਸ਼ ’ਚੋਂ ਅੱਤਵਾਦ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਠੋਸ ਫ਼ੈਸਲੇ ਲਏ ਗਏ।
ਉਨ੍ਹਾਂ ਕਿਹਾ ਕਿ ਦੇਸ਼ ਨਵੇਂ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਅਖੀਰਲੀ ਲਾਈਨ ਵਿੱਚ ਖੜੇ ਵਿਅਕਤੀ ਨੂੰ ਅੱਗੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸੀਮਾ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਗਰੀਬ ਵਿਅਕਤੀ ਦੇ ਜੀਵਨ ਵਿੱਚ ਪਰਿਵਰਤਨ ਲਿਆਂਦਾ। ਅੌਰਤਾਂ ਨੂੰ ਧੂੰਏਂ ਤੋਂ ਮੁਕਤੀ ਦਿਲਵਾਈ, ਪੈਨਸ਼ਨ ਸਕੀਮ ਅਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਪੁੱਜਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਾਅਦ ਦੇਸ਼ ਵਿੱਚ ਆਰਥਿਕ ਸਥਿਤੀ ਸੁਧਾਰੀ ਹੈ ਅਤੇ 220 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਰੇਲ ਨੈੱਟਵਰਕ, ਨੈਸ਼ਨਲ ਹਾਈਵੇਅ ਬਣਾਉਣ ਅਤੇ ਮੈਟਰੋ ਰੇਲ ਨੈੱਟਵਰਕ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਦਾ ਤੀਜਾ ਦੇਸ਼ ਬਣ ਗਿਆ ਹੈ। ਦੇਸ਼ ਵਿੱਚ 74 ਨਵੇਂ ਏਅਰਪੋਰਟ ਬਣਾਏ। ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕੀਤਾ। ਰਾਮ ਮੰਦਰ ਬਣਾਇਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਰਿੰਦਰ ਮੋਦੀ ਦੀ ਬਹੁਤ ਲੋੜ ਹੈ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਬਰਾਲਾ, ਜਨਰਲ ਸਕੱਤਰ ਸੁਭਾਸ਼ ਸ਼ਰਮਾ, ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ, ਲਖਵਿੰਦਰ ਕੌਰ ਗਰਚਾ, ਸਾਬਕਾ ਮੰਤਰੀ ਤੀਕਸਨ ਸੂਦ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਕਮਲਦੀਪ ਸੈਣੀ, ਸੁਖਵਿੰਦਰ ਸਿੰਘ ਗੋਲਡੀ, ਨਰਿੰਦਰ ਰਾਣਾ, ਰਮੇਸ਼ ਵਰਮਾ ਅਤੇ ਹੋਰ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …