Nabaz-e-punjab.com

ਮੁਹਾਲੀ ਵਿੱਚ ਦੋ ਰੋਜ਼ਾ ਕਰਜ਼ਾ ਮੇਲਾ ਸ਼ੁਰੂ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਉਦਘਾਟਨ

3310 ਲਾਭਪਾਤਰੀਆਂ ਦੇ ਮਨਜ਼ੂਰ ਹੋਏ 323 ਕਰੋੜ ਦੇ ਕਰਜ਼ੇ ਸਬੰਧੀ ਬਿਨੈਕਾਰਾਂ ਨੂੰ ਸਰਟੀਫਿਕੇਟ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਮੁਹਾਲੀ ਦੇ ਜ਼ਿਲ੍ਹਾ ਲੀਡ ਬੈਂਕ (ਪੰਜਾਬ ਨੈਸ਼ਨਲ ਬੈਂਕ) ਵੱਲੋਂ ਇੱਥੋਂ ਦੇ ਕਮਿਊਨਿਟੀ ਸੈਂਟਰ ਫੇਜ਼-7 ਵਿੱਚ ਦੋ ਰੋਜ਼ਾ ਕਰਜ਼ਾ ਮੇਲਾ ਵੀਰਵਾਰ ਨੂੰ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਭਾਰਤ ਸਰਕਾਰ ਦੀ ਇਸ ਅਨੂਠੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਵੱਖ ਵੱਖ ਬੈਂਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਰਜ਼ਾ ਮੇਲੇ ਦਾ ਉਦਘਾਟਨ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ। ਉਨ੍ਹਾਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਨ ਧਨ ਯੋਜਨਾ ਅਧੀਨ ਜ਼ੀਰੋ ਬਾਇਲੈਂਸ ਤਹਿਤ ਲੋਕਾਂ ਦੇ ਬੈਂਕਾਂ ਵਿੱਚ ਖਾਤੇ ਖੁਲਵਾਏ ਗਏ ਸੀ ਅਤੇ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ 2 ਲੱਖ ਪਰਿਵਾਰਾਂ ਦੇ ਖਾਤੇ ਖੋਲ੍ਹੇ ਗਏ ਹਨ। ਇਸ ਮੌਕੇ ਉਨ੍ਹਾਂ ਨੇ 3310 ਲਾਭਪਾਤਰੀਆਂ ਦੇ ਮਨਜ਼ੂਰ ਹੋਏ 323 ਕਰੋੜ ਦੇ ਕਰਜ਼ੇ ਸਬੰਧੀ ਬਿਨੈਕਾਰਾਂ ਨੂੰ ਸਰਟੀਫਿਕੇਟ ਵੀ ਵੰਡੇ।
ਸੋਮ ਪ੍ਰਕਾਸ਼ ਨੇ ਕਿਹਾ ਕਿ ਪਹਿਲਾਂ ਬੈਂਕ ਵਾਲੇ ਗਰੀਬ ਵਰਗ ਦੇ ਲੋਕਾਂ ਲਈ ਆਪਣੇ ਬੈਂਕਾਂ ਦੇ ਬੂਹੇ ਬੰਦ ਕਰ ਲੈਂਦੇ ਸੀ, ਪਰ ਹੁਣ ਮੋਦੀ ਸਰਕਾਰ ਦੀ ਪਹਿਲਕਦਮੀ ਸਦਕਾ ਗਰੀਬ ਲੋਕਾਂ ਨੂੰ ਬੈਂਕਾਂ ’ਚੋਂ ਕਰਜ਼ਾ ਲੈਣ ਦਾ ਹੱਕ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਤੋਂ ਕਰਜ਼ਾ ਲੈਣ ਦਾ ਹਰੇਕ ਵਿਅਕਤੀ ਨੂੰ ਪੁਰਾ ਅਧਿਕਾਰ ਹੈ। ਕੇਂਦਰੀ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀਆਂ ਦੇ ਪਿੱਛੇ ਭੱਜਣ ਦੀ ਥਾਂ ਰੁਜ਼ਗਾਰ ਦੇਣ ਵਾਲੇ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ’ਤੇ ਕਰਜ਼ਾ ਲੈ ਕੇ ਆਪਣੇ ਰੁਜ਼ਗਾਰ ਸਥਾਪਿਤ ਕਰਨ ਨਾਲ ਦੇਸ਼ ਅਤੇ ਸੂਬੇ ਦਾ ਵਿਕਾਸ ਹੋਵੇਗਾ ਅਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ। ਉਨ੍ਹਾਂ ਨੌਜਵਾਨਾਂ ਅਤੇ ਉੱਦਮੀ ਲੋਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਵੱਧ ਤੋਂ ਵੱਧ ਕਰਜ਼ਾ ਲੈ ਕੇ ਰੁਜ਼ਗਾਰ ਸ਼ੁਰੂ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣਾ ਕਾਰੋਬਾਰ ਚਲਾਉਣ ਲਈ 10 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਕਰਜ਼ਾ ਲੈ ਸਕਦਾ ਹੈ।
ਪੰਜਾਬ ਨੈਸ਼ਨਲ ਬੈਂਕ ਦੇ ਪਟਿਆਲਾ ਸਰਕਲ ਦੇ ਡੀਜੀਐਮ ਐਸਕੇ ਥਾਪਰ ਨੇ ਦੱਸਿਆ ਕਿ ‘ਬੈਂਕ ਦੀ ਗਾਹਕਾਂ ਤੱਕ ਪਹੁੰਚ’ ਨਾਂ ਹੇਠ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਕਰਜ਼ਾ ਮੁਹੱਈਆ ਕਰਨ ਲਈ ਸਾਰੇ ਬੈਂਕਾਂ ਨੂੰ ਇਕ ਛੱਤ ਥੱਲੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਕਰਜ਼ਾ ਮੇਲੇ ਦੌਰਾਨ ਸਟੈਂਡ ਅਪ ਇੰਡੀਆ ਯੋਜਨਾ, ਕਾਰ ਤੇ ਘਰ ਲਈ ਕਰਜ਼, ਸਿੱਖਿਆ ਕਰਜ਼, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਕਰਜ਼ਾ ਮੁਹੱਈਆ ਕਰਨ ਸਮੇਤ ਸਟੈਂਡ ਅਪ ਇੰਡੀਆ ਤਹਿਤ ਨਵੇਂ ਉਦਯੋਗ ਸਥਾਪਿਤ ਕਰਨ ਬਾਰੇ ਕਰਜ਼ਾ ਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਕੌਂਸਲਰ ਸੈਹਬੀ ਅਨੰਦ, ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਐਸਡੀਐਮ ਜਗਦੀਪ ਸਹਿਗਲ, ਬੈਂਕ ਅਧਿਕਾਰੀ ਪੀਕੇ ਅਨੰਦ ਅਤੇ ਦਰਸ਼ਨ ਸੰਧੂ, ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…