
ਸਰਕਾਰੀ ਇਮਾਰਤਾਂ/ਥਾਵਾਂ ’ਤੇ ਲੱਗੇ ਅਣ-ਅਧਿਕਾਰਤ ਚੋਣ ਪ੍ਰਚਾਰ ਦੇ ਬੋਰਡ ਤੇ ਬੈਨਰ ਉਤਾਰੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਕੌਂਸਲਾਂ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਇਮਾਰਤਾਂ/ਪ੍ਰਾਪਰਟੀ ਤੇ ਲੱਗੀ ਅਣ-ਅਧਿਕਾਰਤ ਚੋਣ ਪ੍ਰਚਾਰ ਸਮੱਗਰੀ ਉਤਾਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੈ।ਚੋਣ ਜਾਬਤੇ ਦੌਰਾਨ ਬਿਨਾਂ ਇਜਾਜ਼ਤ ਚੋਣ ਪ੍ਰਚਾਰ ਸਮੱਗਰੀ ਨਹੀਂ ਲਗਾਈ ਜਾ ਸਕਦੀ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਬਹੁਤ ਸਾਰੇ ਸੰਭਾਵੀ ਉਮੀਦਵਾਰਾਂ ਵੱਲੋਂ ਸਰਕਾਰੀ ਇਮਾਰਤਾਂ ਅਤੇ ਸਰਕਾਰੀ ਪ੍ਰਾਪਰਟੀ ਜਿਵੇਂ ਬਿਜਲੀ/ਟੈਲੀਫੋਨ ਦੇ ਖੰਭੇ, ਦਰੱਖਤ, ਐਲੀਵੇਟਿਡ ਸੜਕ ਦੇ ਪਿੱਲਰਾਂ, ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਆਦਿ ’ਤੇ ਫਲੈਕਸ ਬੋਰਡ, ਬੈਨਰ ਅਤੇ ਪੋਸਟਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਨਗਰ ਕੌਂਸਲ ਵਿੱਚ ਚੋਣ ਅਧਿਕਾਰੀਆਂ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਅਜਿਹੀ ਅਣ- ਅਧਿਕਾਰਤ ਚੋਣ ਸਮੱਗਰੀ ਨੂੰ ਉਤਾਰਨ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ
ਅਪੀਲ ਕੀਤੀ ਕਿ ਉਹ ਨਿਯਮਾਂ ਦੀ ਉਲੰਘਣਾ ਕਰਕੇ ਸਰਕਾਰੀ ਇਮਾਰਤਾਂ ਅਤੇ ਥਾਵਾਂ ਉੱਤੇ ਚੋਣ ਪ੍ਰਚਾਰ ਸਮੱਗਰੀ ਨਾ ਲਗਾਉਣ ਅਤੇ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।