nabaz-e-punjab.com

ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ\ਉਮੀਦਾਂ ’ਤੇ ਪਾਣੀ ਫੇਰਿਆਂ

ਕਿਸਾਨਾਂ ਨੂੰ ਵਾਢੀ ਦਾ ਕੰਮ ਪਛੜਨ ਅਤੇ ਦਾਣਾ ਕਾਲਾ ਹੋਣ ਦਾ ਖ਼ਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਅੰਨਦਾਤਾ ਪਹਿਲਾਂ ਹੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਹੁਣ ਮੌਸਮ ਦੀ ਬੇਰੁਖੀ ਨੇ ਕਿਸਾਨਾਂ ਦੇ ਸਾਹ ਸੂਤ ਦੇ ਰੱਖ ਦਿੱਤੇ ਹਨ। ਇੱਥੋਂ ਦੇ ਇਤਿਹਾਸਕ ਪਿੰਡ ਚੱਪੜਚਿੜੀ ਦੇ ਕਿਸਾਨ ਜੋਰਾ ਸਿੰਘ ਭੁੱਲਰ, ਰਣਜੀਤ ਸਿੰਘ ਜਗਤਪੁਰਾ, ਮਲਕੀਤ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਚਾਨਕ ਹੋਈ ਬੇਮੌਸਮੀ ਬਾਰਸ਼ ਕਾਰਨ ਵਾਢੀ ਦਾ ਕੰਮ ਪਛੜ ਜਾਵੇਗਾ ਅਤੇ ਕਣਕ ਦਾ ਦਾਣਾ ਕਾਲਾ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਜਦੋਂ ਹਵਾ ਵਿੱਚ ਨਮੀ ਆ ਗਈ ਹੈ ਤਾਂ ਫਸਲ ਵਿੱਚ ਨਮੀ ਆਉਣੀ ਤੈਅ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਗਿਆਨ ਸਿੰਘ ਧੜਾਕ, ਮਲਕੀਤ ਸਿੰਘ ਖੱਟੜਾ ਨੇ ਕਿਹਾ ਕਿ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ 12 ਫੀਸਦੀ ਨਮੀ ਨਾ ਹੋਣ ਦੀ ਸ਼ਰਤ ਰੱਖੀ ਗਈ ਹੈ ਪ੍ਰੰਤੂ ਹੁਣ ਬਾਰਸ਼ ਪੈਣ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਮੀਂਹ ਤੋਂ ਬਾਅਦ ਹਵਾ ਚੱਲਣ ਕਾਰਨ ਕਈ ਥਾਵਾਂ ’ਤੇ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ। ਜਿਸ ਕਾਰਨ ਵਾਢੀ ਦੌਰਾਨ 10 ਤੋਂ 15 ਫੀਸਦੀ ਨੁਕਸਾਨ ਹੋਵੇਗਾ। ਝਾੜ ਵੀ ਘੱਟ ਨਿਕਲੇਗਾ ਅਤੇ ਤੂੜੀ ਵੀ ਪੂਰੀ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਬਾਰਸ਼ ਦਾ ਬੇਜ਼ਮੀਨੇ ਲੋਕਾਂ, ਖੇਤ ਮਜ਼ਦੂਰਾਂ ’ਤੇ ਵੀ ਕਾਫੀ ਅਸਰ ਪਵੇਗਾ ਕਿਉਂਕਿ ਮੌਸਮ ਦੀ ਬੇਰੁਖੀ ਨੂੰ ਦੇਖਦੇ ਹੋਏ ਜ਼ਿਆਦਾ ਕਿਸਾਨ ਕੰਬਾਈਨਾਂ ਤੋਂ ਕਣਕ ਕੱਟਣ ਨੂੰ ਪਹਿਲ ਦੇਣਗੇ।
ਉਧਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੂਦ ਅਤੇ ਮੈਂਬਰ ਅਵਨੀਸ਼ ਮਿੱਤਲ ਅਤੇ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਕਰਫਿਊ ਕਾਰਨ ਮੰਡੀਆਂ ਵਿੱਚ ਕਣਕ ਦੀ ਘੱਟ ਆਮਦ ਹੋਣ ਕਾਰਨ ਐਤਕੀਂ ਮੰਡੀਆਂ ਵਿੱਚ ਪੁੱਜੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਉਂਜ ਵੀ ਇਸ ਵਾਰ ਜਿੰਨੀ ਕਣਕ ਦੀ ਫਸਲ ਖਰੀਦੀ ਜਾ ਰਹੀ ਹੈ। ਉਸ ’ਚੋਂ 90 ਫੀਸਦੀ ਫਸਲ ਨਾਲੋ ਨਾਲ ਚੁੱਕੀ ਜਾ ਰਹੀ ਹੈ। ਇਸ ਤੋਂ ਇਲਾਵਾ ਫਸਲਾਂ ਢਕਣ ਲਈ ਤਰਪਾਲਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਚੀ ’ਤੇ ਨਿਰਧਾਰਿਤ ਤਰੀਕ ਮੁਤਾਬਕ ਹੀ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਉਣ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…