ਮੁਹਾਲੀ ਹਲਕੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਸਿੱਧੂ

ਕਈ ਸੜਕਾਂ ਦੇ ਟੈਂਡਰ ਹੋਏ, ਬਾਕੀਆਂ ਦਾ ਕੰਮ ਬਰਸਾਤ ਤੋਂ ਬਾਅਦ ਜਲਦ ਹੋਵੇਗਾ ਸ਼ੁਰੂ

ਕੈਬਨਿਟ ਮੰਤਰੀ ਨੇ ਪਿੰਡਾਂ ਦੇ ਵਿਕਾਸ ਲਈ 43.30 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਹਲਕੇ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰ ਹੋ ਰਹੇ ਹਨ। ਕਈ ਸੜਕਾਂ ਦਾ ਕੰਮ ਚੱਲ ਰਿਹਾ ਹੈ, ਜਦੋਂਕਿ ਰਹਿੰਦੀਆਂ ਸੜਕਾਂ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਉਨ੍ਹਾਂ ਦਾ ਕੰਮ ਬਰਸਾਤ ਖ਼ਤਮ ਹੁੰਦੇ ਸਾਰ ਛੇਤੀ ਸ਼ੁਰੂ ਕੀਤਾ ਜਾਵੇਗਾ। ਵਿਕਾਸ ਕਾਰਜਾਂ ਲਈ ਵੱਖ-ਵੱਖ ਪਿੰਡਾਂ ਨੂੰ ਗਰਾਂਟਾਂ ਦੀ ਵੰਡ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਹਲਕੇ ਵਿੱਚ ਬੁਨਿਆਦੀ ਢਾਂਚਾ ਪੂਰੇ ਪੰਜਾਬ ’ਚੋਂ ਸਭ ਤੋਂ ਵਧੀਆ ਬਣ ਰਿਹਾ ਹੈ ਅਤੇ ਹਲਕੇ ਨੂੰ ਵਿਕਾਸ ਦੇ ਸਾਰੇ ਪੈਮਾਨਿਆਂ ਉੱਤੇ ਪੂਰੇ ਸੂਬੇ ਵਿੱਚੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਹਲਕੇ ਦੀਆਂ ਸੜਕਾਂ ਨੂੰ ਚੌੜੀਆਂ ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਗਈ ਹੈ। ਇਸ ਕਾਰਨ ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਹੀ ਨਹੀਂ ਰਿਹਾ, ਜਿਸ ਨਾਲ ਉਹ ਆਪਣੀ ਸਿਆਸਤ ਚਮਕਾ ਸਕਣ। ਵਿਰੋਧੀ ਹੁਣ ਹੋਛੇ ਹਥਕੰਡੇ ਅਪਣਾ ਕੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੌਰਾਨ ਸ੍ਰੀ ਸਿੱਧੂ ਨੇ ਪਿੰਡ ਗੀਗੇਮਾਜਰਾ ਵਿੱਚ ਪੁਲ ਦੇ ਨਿਰਮਾਣ ਲਈ 10.50 ਲੱਖ ਰੁਪਏ, ਮੋਟੇਮਾਜਰਾ ਵਿੱਚ ਨਵੀਂ ਧਰਮਸ਼ਾਲਾ ਦੇ ਨਿਰਮਾਣ ਲਈ 5.50 ਲੱਖ ਰੁਪਏ, ਗਲੀਆਂ ਨਾਲੀਆਂ ਦੇ ਨਿਰਮਾਣ ਲਈ 6 ਲੱਖ ਰੁਪਏ, ਪੱਤੋਂ ਵਿੱਚ ਧਰਮਸ਼ਾਲਾ ਦੇ ਨਿਰਮਾਣ ਵਾਸਤੇ 7.50 ਲੱਖ ਰੁਪਏ, ਬਾਕਰਪੁਰ ਆਊਟਫਾਲ ਡਰੇਨ ਆਰਸੀਸੀ ਲਈ 10 ਲੱਖ ਰੁਪਏ ਅਤੇ ਪਿੰਡ ਧਰਮਗੜ੍ਹ ਵਿੱਚ ਧਰਮਸ਼ਾਲਾ ਲਈ 3.80 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ। ਸਿਹਤ ਮੰਤਰੀ ਨੇ ਦੱਸਿਆ ਕਿ ਸਨੇਟੇ ਤੋਂ ਗਡਾਣਾ-ਢੇਲਪੁਰ ਅਤੇ ਦੈੜੀ ਤੋਂ ਨਗਾਰੀ ਗੀਗੇਮਾਜਰਾ ਤੇ ਮੀਢੇਮਾਜਰਾ ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ, ਜਦੋਂ ਕਿ ਬਾਕੀ ਲਿੰਕ ਸੜਕਾਂ ਦਾ ਕੰਮ ਬਰਸਾਤ ਤੋਂ ਬਾਅਦ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।
ਪਿੰਡਾਂ ਦੇ ਦੌਰੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ ਠੇਕੇਦਾਰ ਮੋਹਨ ਸਿੰਘ ਬਠਲਾਣਾ, ਮਨਜੀਤ ਸਿੰਘ ਤੰਗੋਰੀ ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ, ਗੁਰਿੰਦਰ ਸਿੰਘ ਦੈੜੀ ਡਾਇਰੈਕਟਰ ਮਿਲਕ ਪਲਾਂਟ ਮੁਹਾਲੀ, ਗੁਰਵਿੰਦਰ ਸਿੰਘ ਬੜੀ, ਤਰਸੇਮ ਸਿੰਘ ਸਰਪੰਚ ਗੀਗੇਮਾਜਰਾ, ਕੁਲਵੰਤ ਸਿੰਘ ਗੀਗੇਮਾਜਰਾ, ਗੁਰਚਰਨ ਸਿੰਘ ਨੰਬਰਦਾਰ ਗੀਗੇਮਾਜਰਾ, ਬਾਬਾ ਦਲਵਿੰਦਰ ਸਿੰਘ, ਜਸਵਿੰਦਰ ਕੌਰ ਸਰਪੰਚ ਮੋਟੇਮਾਜਰਾ, ਹਰਬੰਸ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਪਖੀਰ ਸਿੰਘ ਮੋਟੇਮਾਜਰਾ, ਲਖਵੀਰ ਸਿੰਘ ਕਾਲਾ ਸਰਪੰਚ ਪੱਤੋਂ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਹਰੀ ਸਿੰਘ ਬਾਕਰਪੁਰ, ਜੈਲਦਾਰ ਦਵਿੰਦਰ ਸਿੰਘ ਅਤੇ ਜੀਤ ਸਿੰਘ ਮਾਣਕਪੁਰ ਕੱਲਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…