ਯੂਪੀ ਗੈਂਗਰੇਪ: ਬੱਬੀ ਬਾਦਲ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ‘ਮੋਮਬੱਤੀ ਮਾਰਚ’

ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਸ਼ਾਂਤਮਈ ਵਿਸ਼ਾਲ ਰੋਸ ਪ੍ਰਦਰਸ਼ਨ ਸੋਮਵਾਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਉੱਤਰ ਪ੍ਰਦੇਸ਼ ਦੇ ਹਾਥਰਸ ਇਲਾਕੇ ਵਿੱਚ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦੀ ਜ਼ੁਬਾਨ ਕੱਟਣ ਅਤੇ ਪੀੜਤ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਦੇ ਖ਼ਿਲਾਫ਼ ਐਤਵਾਰ ਨੂੰ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ ਅਤੇ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਇਸ ਘਟਨਾ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਵਿਭਾਗੀ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੱਬੀ ਬਾਦਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲਗਾਤਾਰ ਦਲਿਤਾਂ ਉੱਤੇ ਅੱਤਿਆਚਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਹਾਥਰਸ ਵਿੱਚ ਇਸ ਘਿਨੌਣੇ ਅਪਰਾਧ ਨੂੰ ਦਬਾਉਣ ਲਈ ਪੁਲੀਸ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਸਚਾਈ ਸਾਹਮਣੇ ਲਿਆਉਣ ਲਈ ਪੀੜਤ ਪਰਿਵਾਰ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਨੂੰ ਵੀ ਇਨਸਾਫ਼ ਦਿਵਾਉਣ ਦੀ ਥਾਂ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਹੈ, ਜੋ ਕਿ ਲੋਕਤੰਤਰ ਦੇ ਖ਼ਿਲਾਫ਼ ਹੈ।
ਇਸ ਮੌਕੇ ਨੇਹਾ ਅਰੋੜਾ, ਬੀਬੀ ਮਨਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਰਮਨਦੀਪ ਸਿੰਘ, ਮਨੀ ਡੋਗਰਾ, ਲਵਲੀ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਬਿੰਦਰ ਸਿੰਘ, ਮੇਹਰਬਾਨ ਸਿੰਘ ਭੁੱਲਰ, ਤਰਲੋਕ ਸਿੰਘ ਜਗਤਪੁਰਾ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਬਿੱਲਾ, ਮਨੋਜਗੋਰ ਰਾਜਨ, ਰਾਕੇਸ਼ ਕੁਮਾਰ ਅਤੇ ਅਨੁਭਵ ਆਦਿ ਵੀ ਹਾਜ਼ਰ ਸਨ।
ਉਧਰ, ਉਤਰ ਪ੍ਰਦੇਸ਼ ਵਿੱਚ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਅਤੇ ਪੁਲੀਸ ਵੱਲੋਂ ਪੀੜਤ ਪਰਿਵਾਰ ਦੀ ਗੈਰਮੌਜੂਦਗੀ ਵਿੱਚ ਆਪਣੇ ਪੱਧਰ ’ਤੇ ਰਾਤ ਨੂੰ ਅੰਤਿਮ ਸਸਕਾਰ ਦੇਣ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਨੂੰ ਲੈ ਕੇ ਭਲਕੇ 5 ਅਕਤੂਬਰ ਨੂੰ ਸਵੇਰੇ 11 ਵਜੇ ਮੁਹਾਲੀ ਵਿੱਚ ਦਲਿਤ ਵਰਗ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੁਕਮਰਾਨਾਂ ਖ਼ਿਲਾਫ਼ ਸ਼ਾਂਤਮਈ ਤਰੀਕੇ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਆਈਏਐਸ (ਸੇਵਾਮੁਕਤ) ਐਸ.ਆਰ. ਲੱਧੜ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਸੂਖਵਾਨਾਂ ਨੇ ਉਤਰ ਪ੍ਰਦੇਸ਼ ਵਿੱਚ ਇਕ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਉਸ ਦੀ ਜ਼ੁਬਾਨ ਕੱਟ ਕੇ ਸੁੱਟ ਦਿੱਤੀ ਅਤੇ ਉਪਰੰਤ ਪੀੜਤ ਲੜਕੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਦਲਿਤ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਲੱਧੜ ਨੇ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਵਿੱਚ ਦਲਿਤਾਂ ਦੀ ਸੰਸਥਾ ਪੈਗਾਮ, ਡਾ. ਅੰਬੇਦਕਰ ਮੈਮੋਰੀਅਲ ਟਰੱਸਟ ਪੰਜਾਬ, ਪੰਜਾਬੀ ਏਕਤਾ ਮੰਚ, ਬਾਬਾ ਸਾਹਿਬ ਅੰਬੇਦਕਰ ਮੰਚ ਡੇਰਾਬੱਸੀ, ਰਵਿਦਾਸ ਨੌਜਵਾਨ ਸਭਾ ਫੇਜ਼-7, ਡਾ. ਅੰਬੇਦਕਰ ਰਿਸਰਚ ਸੈਂਟਰ ਸੈਕਟਰ-69, ਡਾ. ਅੰਬੇਦਕਰ ਭਵਨ ਸੈਕਟਰ-69, ਰਵਿਦਾਸ ਸਭਾ ਕੁੰਭੜਾ, ਡਾ. ਅੰਬੇਦਕਰ ਭਲਾਈ ਮੰਚ, ਗੁਰਦੁਆਰਾ ਸਾਹਿਬ ਰਵਿਦਾਸ ਸੈਕਟਰ-30 ਸਮੇਤ ਹੋਰ ਦਲਿਤ ਜਥੇਬੰਦੀਆਂ ਦੇ ਨੁਮਾਇੰਦੇ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…