ਯੂਪੀ ਗੈਂਗਰੇਪ: ਯੂਥ ਆਫ਼ ਪੰਜਾਬ ਦੇ ਮੈਂਬਰਾਂ ਵੱਲੋਂ ਮੁਹਾਲੀ ਵਿੱਚ ਮੋਮਬੱਤੀ ਮਾਰਚ

ਭਾਜਪਾ ਸ਼ਾਸਨ ਵਿੱਚ ਦੇਸ਼ ਤੇ ਧੀਆਂ ਦੀ ਇੱਜ਼ਤ ਸੁਰੱਖਿਅਤ ਨਹੀਂ: ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਉੱਤਰ ਪ੍ਰਦੇਸ਼ ਦੇ ਹਾਥਰਸ ਇਲਾਕੇ ਵਿੱਚ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦੀ ਜ਼ੁਬਾਨ ਕੱਟਣ ਅਤੇ ਪੀੜਤ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਦੇ ਖ਼ਿਲਾਫ਼ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਇੱਥੋਂ ਦੇ ਸੈਕਟਰ-70 ਵਿੱਚ ਮੋਮਬੱਤੀ ਮਾਰਚ ਕੱਢਿਆ ਅਤੇ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਫਾਂਸੀ ਦਿੱਤੀ ਜਾਵੇ। ਇਸ ਮਾਰਚ ਵਿੱਚ ਸ਼ਹਿਰ ਦੀਆਂ ਅੌਰਤਾਂ ਅਤੇ ਬੱਚੀਆਂ ਨੇ ਵੀ ਸ਼ਮੂਲੀਅਤ ਕਰਕੇ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਦੇਸ਼ ਅਤੇ ਸਾਡੀਆਂ ਧੀਆਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅੌਰਤਾਂ ਨੂੰ ਬਰਾਬਰ ਦਾ ਹੱਕ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਅਜੋਕੇ ਸਮੇਂ ਵਿੱਚ ਅੌਰਤਾਂ ’ਤੇ ਲਗਾਤਾਰ ਅੱਤਿਆਚਾਰ ਵਧ ਰਹੇ ਹਨ ਅਤੇ ਗਰੀਬ ਅੌਰਤਾਂ ਅਤੇ ਬੱਚੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੌਰਤਾਂ ਦੀ ਸੁਰੱਖਿਆ ਤੋਂ ਬਿਨਾਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਦੇਸ਼ ਅਤੇ ਅੌਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹਨ। ਜਿਸ ਕਾਰਨ ਨੌਜਵਾਨ ਪੀੜ੍ਹੀ ਰੁਜ਼ਗਾਰ ਦੇ ਬਹਾਨੇ ਦੇਸ਼ ਛੱਡ ਕੇ ਵਿਦੇਸ਼ੀ ਮੁਲਕਾਂ ਵਿੱਚ ਜਾ ਕੇ ਵੱਸਣ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਮਾਸੂਮ ਬੱਚੀਆਂ ਦੀ ਪੱਤ ਲੁੱਟਣ ਵਾਲੇ ਦਰਿੰਦਿਆਂ ਨੂੰ ਫਾਂਸੀ ਦੀ ਸਜਾ ਦੇ ਕੇ ਹੋਰਨਾਂ ਲਈ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਪ੍ਰੰਤੂ ਇੱਥੇ ਉਲਟਾ ਮੁਲਜ਼ਮਾਂ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਨਰਿੰਦਰ ਵਤਸ, ਹਰੀਸ਼ ਕੁਮਾਰ, ਰਵੀ ਅਰੋੜਾ ਸਮੇਤ ਹੋਰ ਨੌਜਵਾਨ ਮੁੰਡੇ ਕੁੜੀਆਂ ਅਤੇ ਅੌਰਤਾਂ ਹਾਜ਼ਰ ਸਨ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…