
ਗਮਾਡਾ ਵੱਲੋਂ ਬਲੌਂਗੀ ਤੇ ਬੜਮਾਜਰਾ ’ਚ ਅਣਅਧਿਕਾਰਤ ਉਸਾਰੀਆਂ ਦਾ ਕੰਮ ਰੋਕਣ ਸਮੇਂ ਹੰਗਾਮਾ
ਸਰਪੰਚ ਤੇ ਗਮਾਡਾ ਦੇ ਸੁਰੱਖਿਆ ਦਸਤੇ ’ਚ ਹੋਈ ਤਿੱਖੀ ਬਹਿਸ, ਆਮ ਲੋਕ ਵੀ ਆਏ ਸਾਹਮਣੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅੱਜ ਕਸਬਾ ਬਲੌਂਗੀ, ਬੜਮਾਜਰਾ ਅਤੇ ਕਈ ਹੋਰ ਨੇੜਲੇ ਪਿੰਡਾਂ ਵਿੱਚ ਅਣਅਧਿਕਾਰਤ ਉਸਾਰੀਆਂ ਦਾ ਕੰਮ ਰੋਕਿਆ ਗਿਆ ਅਤੇ ਨਿਰਮਾਣ ਕਾਰਜਾਂ ਲਈ ਵਰਤਿਆ ਜਾ ਰਿਹਾ ਕਾਫ਼ੀ ਸਾਮਾਨ ਜ਼ਬਤ ਕਰ ਲਿਆ। ਉਧਰ, ਗਮਾਡਾ ਦੀ ਟੀਮ ਵੱਲੋਂ ਬਲੌਂਗੀ ਵਿੱਚ ਅਣਅਧਿਕਾਰਤ ਉਸਾਰੀਆਂ ਦਾ ਕੰਮ ਬੰਦ ਕਰਵਾਉਣ ਸਮੇਂ ਹੰਗਾਮਾ ਹੋ ਗਿਆ ਜਦੋਂ ਉਸਾਰੀ ਕਰ ਰਹੇ ਵਿਅਕਤੀ ਨੇ ਸਰਪੰਚ ਬਹਾਦਰ ਸਿੰਘ ਨੂੰ ਮੌਕੇ ’ਤੇ ਸੱਦ ਲਿਆ ਅਤੇ ਦੇਖਦੇ ਹੀ ਦੇਖਦੇ ਲੋਕਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇਸ ਦੌਰਾਨ ਸਰਪੰਚ ਬਹਾਦਰ ਸਿੰਘ ਅਤੇ ਗਮਾਡਾ ਦੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਤਿੱਖੀ ਬਹਿਸ ਹੋ ਗਈ।
ਇਸ ਮੌਕੇ ਸਰਪੰਚ ਬਹਾਦਰ ਸਿੰਘ ਨੇ ਗਮਾਡਾ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਗਮਾਡਾ ਨੂੰ ਲੈਂਟਰ ਪਾਉਣ ਦਾ ਕੰਮ ਨਹੀਂ ਰੋਕਣਾ ਚਾਹੀਦਾ ਤਾਂ ਜੋ ਸਬੰਧਤ ਦਾ ਰੇਤਾ, ਬਜਰੀ, ਸੀਮਿੰਟ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਮਾਡਾ ਨੂੰ ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਨੋਟਿਸ ਦੇਣਾ ਬਣਦਾ ਸੀ ਪਰ ਅਜਿਹਾ ਨਹੀਂ ਹੋਇਆ।
ਇਸ ਮੌਕੇ ਗਮਾਡਾ ਦੇ ਸੁਰੱਖਿਆ ਸੁਪਰਵਾਈਜਰ ਸੂਬੇਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਕਰ ਰਹੇ ਹਨ ਅਤੇ ਲੋਕਾਂ ਨੂੰ ਅਣਅਧਿਕਾਰਤ ਉਸਾਰੀਆਂ ਕਰਨ ਤੋਂ ਨਿਯਮਾਂ ਅਨੁਸਾਰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਨੂੰ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਅਤੇ ਕਈ ਵਾਰ ਨੋਟਿਸ ਵੀ ਦਿੱਤੇ ਗਏ ਹਨ।
ਇਸ ਮੌਕੇ ਮੌਜੂਦ ਬਲੌਂਗੀ ਵਾਸੀਆਂ ਨੇ ਕਿਹਾ ਕਿ ਗਮਾਡਾ ਵੱਲੋਂ ਅਣਅਧਿਕਾਰਤ ਉਸਾਰੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਪਿੰਡ ਵਿੱਚ ਅਣਅਧਿਕਾਰਤ ਪੀਜੀ, ਹੋਟਲਾਂ ਅਤੇ ਹੋਰ ਅਣਅਧਿਕਾਰਤ ਉਸਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਅਣਅਧਿਕਾਰਤ ਉਸਾਰੀਆਂ ਦੌਰਾਨ ਸੜਕ ’ਤੇ ਅੜਿੱਕੇ ਲਗਾ ਕੇ ਲੋਕਾਂ ਦਾ ਲੰਘਣਾ ਹੀ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਅਣਅਧਿਕਾਰਤ ਉਸਾਰੀਆਂ ਕਾਰਨ ਲੋਕਾਂ ਨੂੰ ਆਪਣੇ ਵਾਹਨ ਨੂੰ ਖੜੇ ਕਰਨ ਲਈ ਥਾਂ ਨਹੀਂ ਮਿਲੀ।
ਗਮਾਡਾ ਦੇ ਜ਼ਿਲ੍ਹਾ ਯੋਜਨਾਕਾਰ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਇਲਾਕੇ ਵਿੱਚ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆ ਨੂੰ ਵਰਜਿਆ ਜਾ ਰਿਹਾ ਹੈ ਅਤੇ ਗਮਾਡਾ ਵੱਲੋਂ ਸਮੇਂ ਸਮੇਂ ’ਤੇ ਸਬੰਧਤਾਂ ਨੂੰ ਨੋਟਿਸ ਵੀ ਦਿੱਤੇ ਜਾਂਦੇ ਹਨ, ਪ੍ਰੰਤੂ ਇਸ ਸਭ ਦੇ ਬਾਵਜੂਦ ਲੋਕ ਬਾਜ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਅਣਅਧਿਕਾਰਤ ਉਸਾਰੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।