ਮੁਹਾਲੀ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਤੋਂ ਟੱਪੀ

ਪਿੰਡ ਕੁੰਭੜਾ ਵਿੱਚ ਘਰ ਘਰ ਜਾ ਕੇ ਸਰਵੇ ਦੌਰਾਨ ਡੇਂਗੂ ਪੀੜਤ ਮਰੀਜ਼ ਮਿਲੇ, ਮੈਡੀਕਲ ਲੈਬਾਰਟਰੀ ਨੇ ਕੀਤੀ ਪੁਸ਼ਟੀ

ਪਿੰਡ ਕੁੰਭੜਾ ਵਿੱਚ ਦੂਸ਼ਿਤ ਪਾਣੀ ਬਾਰੇ ਐਕਸੀਅਨ ਪੰਧੇਰ ਦੇ ਦਾਅਵੇ ਖੋਖਲੇ, ਕੁੰਭੜਾ ’ਚ ਕਈ ਥਾਵਾਂ ’ਤੇ ਪਾਈਪ ਲੀਕੇਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਇੱਥੋਂ ਦੇ ਸੈਕਟਰ-68 ਸਥਿਤ ਕੁੰਭੜਾ ਵਿੱਚ ਡੇਂਗੂ ਦੇ ਕਈ ਮਰੀਜ਼ ਮਿਲੇ ਹਨ। ਮੈਡੀਕਲ ਲੈਬਾਰਟਰੀ ਦੀ ਰਿਪੋਰਟ ਮੁਤਾਬਕ ਕੁੰਭੜਾ ਵਿੱਚ ਕਾਫੀ ਵਿਅਕਤੀ ਡੇਂਗੂ ਤੋਂ ਪੀੜਤ ਹਨ। ਜਿਨ੍ਹਾਂ ਵਿੱਚ ਅੌਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਇਹੀ ਨਹੀਂ ਪਿੰਡ ਵਾਸੀ ਦੂਸ਼ਿਤ ਪਾਣੀ ਪੀਣ ਲਈ ਵੀ ਮਜਬੂਰ ਹਨ। ਜਿਨ੍ਹਾਂ ਦਾ ਪ੍ਰਾਈਵੇਟ ਹਸਪਤਾਲਾਂ, ਸੈਕਟਰ-32, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਅਤੇ ਸੈਕਟਰ-16 ਦੇ ਜਨਰਲ ਹਸਪਤਾਲ ਸਮੇਤ ਪੀਜੀਆਈ ਹਸਪਤਾਲ ’ਚੋਂ ਟਰੀਟਮੈਂਟ ਕਰਵਾਇਆ ਗਿਆ ਹੈ। ਮੁਹਾਲੀ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਤੋਂ ਵੱਧ ਟੱਪ ਗਈ ਹੈ। ਹਾਲਾਂਕਿ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਵਿੱਚ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ ਅਤੇ ਦਵਾਈਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਚੈਕਿੰਗ ਟੀਮਾਂ ਵੀ ਸਰਵੇ ਕਰ ਰਹੀਆਂ ਹਨ। ਇਸ ਦੇ ਬਾਵਜੂਦ ਡੇਂਗੂ ਪੀੜਤ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਧਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸੁਖਵਿੰਦਰ ਸਿੰਘ ਪੰਧੇਰ ਦੇ ਪਿੰਡ ਕੁੰਭੜਾ ਵਿੱਚ ਦੂਸ਼ਿਤ ਪਾਣੀ ਦੇ ਦਾਅਵੇ ਖੋਖਲੇ ਸਾਬਤ ਹੋ ਗਏ ਹਨ। ਐਕਸੀਅਨ ਦਾ ਕਹਿਣਾ ਹੈ ਕਿ ਕੁੰਭੜਾ ਵਿੱਚ ਪਾਣੀ ਸਪਲਾਈ ਦੀ ਕੋਈ ਦਿੱਕਤ ਨਹੀਂ ਹੈ ਅਤੇ ਲੋਕਾਂ ਨੂੰ ਬਿਲਕੁਲ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਸਮਾਜ ਸੇਵੀ ਡਾ. ਪਵਨ ਕੁਮਾਰ ਜੈਨ, ਪਿੰਡ ਵਾਸੀ ਅਜਾਇਬ ਸਿੰਘ ਅਤੇ ਹਰਮਨਜੀਤ ਸਿੰਘ ਨੇ ਕੁੰਭੜਾ ਵਿੱਚ ਲਗਾਤਾਰ ਡੇਂਗੂ ਦੇ ਮਰੀਜ਼ ਵਧ ਰਹੇ ਹਨ। ਪਿਛਲੇ ਹਫ਼ਤੇ ਤੱਕ ਕਾਫੀ ਗੰਧਲਾ ਪਾਣੀ ਸਪਲਾਈ ਹੋਇਆ ਹੈ। ਇਸ ਸਬੰਧੀ ਵਿਭਾਗ ਮਹਿਜ਼ ਖਾਨਾਪੂਰਤੀ ਕਰਨ ਤੱਕ ਹੀ ਸੀਮਤ ਹੈ। ਅਜਾਇਬ ਸਿੰਘ ਨੇ ਦੱਸਿਆ ਕਿ ਕੁੰਭੜਾ ਵਿੱਚ ਕਈ ਥਾਵਾਂ ਤੋਂ ਪਾਈਪਲਾਈਨ ਲੀਕੇਜ਼ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਕਈ ਵਾਰ ਪਾਣੀ ’ਚੋਂ ਅਜੀਬ ਜਿਹੀ ਬਦਬੂ ਮਾਰਦੀ ਹੈ।
ਮਦਨ ਲਾਲ ਟੇਲਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਉਹ ਅਤੇ ਉਸ ਦਾ ਪਿਤਾ ਸ੍ਰੀ ਪਰਸਾਰੀ ਲਾਲ ਡੇਂਗੂ ਤੋਂ ਪੀੜਤ ਹਨ। ਉਹ ਪ੍ਰਾਈਵੇਟ ਡਾਕਟਰ ਤੋਂ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਦੀ ਬੇਟੀ ਪੂਜਾ ਵੀ ਸਖ਼ਤ ਬੀਮਾਰ ਹੋ ਗਈ। ਡੇਂਗੂ ਕਾਰਨ ਉਸ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਸਪਲਾਈ ਹੋ ਰਿਹਾ ਪਾਣੀ ਪੀਣ ਯੋਗ ਨਹੀਂ ਹੈ। ਇੰਝ ਹੀ ਮਨਦੀਪ ਕੌਰ ਨੇ ਦੱਸਿਆ ਕਿ ਹਫ਼ਤੇ ਤੋਂ ਉਹ ਖ਼ੁਦ ਅਤੇ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਡੇਂਗੂ ਤੋਂ ਪੀੜਤ ਹਨ। ਇਹੀ ਨਹੀਂ ਉਨ੍ਹਾਂ ਦੀ ਘਰੇਲੂ ਨੌਕਰਾਣੀ ਨੂੰ ਵੀ ਡੇਂਗੂ ਹੋ ਗਿਆ ਹੈ। ਉਸ ਨੂੰ ਹਫ਼ਤਾ ਪੀਜੀਆਈ ਵਿੱਚ ਦਾਖ਼ਲ ਕਰਕੇ ਰੱਖਿਆ ਗਿਆ। ਅਜਾਇਬ ਸਿੰਘ ਅਤੇ ਉਸ ਦਾ ਭਤੀਜਾ ਇੰਦਰਜੀਤ ਸਿੰਘ ਅਤੇ ਰਾਮ ਲਾਲ ਦਾ ਬੇਟਾ ਅਤੇ ਸ੍ਰੀ ਡੋਗਰਾ ਡੇਂਗੂ ਤੋਂ ਪੀੜਤ ਹਨ। ਰਾਮ ਲਾਲ ਨੇ ਦੱਸਿਆ ਕਿ ਉਸ ਦਾ ਭਤੀਜਾ ਇੰਦਰਜੀਤ ਸਿੰਘ ਡੇਂਗੂ ਤੋਂ ਪੀੜਤ ਹੈ। ਉਹ ਪੀਜੀਆਈ ਤੋ ਦਵਾਈ ਲੈ ਰਹੇ ਹਨ। ਹਰਮਨਜੀਤ ਸਿੰਘ ਵੀ ਇਸੇ ਬੀਮਾਰੀ ਤੋਂ ਕੁਰਲਾ ਰਿਹਾ ਹੈ। ਉਧਰ, ਮੈਡੀ ਕਲੀਨਿਕਲ ਲੈਬਾਰਟਰੀ ਦੀ ਸੰਚਾਲਕ ਡਾ. ਨੀਲਮ ਕੁਮਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਰੋਜ਼ਾਨਾ 4-5 ਮਰੀਜ਼ ਡੇਂਗੂ ਤੋਂ ਪੀੜਤ ਮਿਲ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਦੀ ਲੈਬ ’ਚ 20 ਤੋਂ 25 ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
(ਬਾਕਸ ਆਈਟਮ)
ਉਧਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸੁਖਵਿੰਦਰ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਡੇਂਗੂ ਦੇ ਮੱਦੇਨਜ਼ਰ ਪਿੰਡ ਕੁੰਭੜਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਚੈੱਕ ਕੀਤੀ। ਜਿਸ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਐਸਡੀਓ ਗੁਰਪ੍ਰੀਤ ਸਿੰਘ ਦੀ ਨਿਗਰਾਨੀ ’ਚ ਪਾਣੀ ਦੀ ਸਪਲਾਈ ਚੈੱਕ ਕੀਤੀ ਗਈ ਹੈ। ਹਰੇਕ ਘਰ ਨੂੰ ਤਿੰਨ ਨੰਬਰ ਟਿਊਬਵੈਲ ਤੋਂ ਕਲੋਰੀਨੇਟਡ ਸਪਲਾਈ ਦਿੱਤੀ ਜਾ ਰਹੀ ਹੈ। ਅਧਿਕਾਰੀ ਦੇ ਬਿਆਨ ਮੁਤਾਬਕ ਆਯੂਰਵੈਦਿਕ ਡਿਸਪੈਂਸਰੀ ਅਤੇ ਸਿਵਲ ਸਰਜਨ ਦੇ ਦਫ਼ਤਰ ਤੋਂ ਮਰੀਜ਼ਾਂ ਦੀ ਘੋਖ ਕੀਤੀ ਗਈ ਅਤੇ ਕੁੰਭੜਾ ਦਾ ਕੋਈ ਵੀ ਵਸਨੀਕ ਡਾਇਰੀਆ ਜਾਂ ਟਾਈਫਾਈਡ ਤੋਂ ਪ੍ਰਭਾਵਿਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚੋਂ ਪਾਣੀ ਦੇ ਸੈਂਪਲ ਭਰੇ ਗਏ ਹਨ। ਜਿਨ੍ਹਾਂ ਦੀ ਰਿਪੋਰਟ ਬਿਲਕੁਲ ਸਹੀ ਹੈ।
(ਬਾਕਸ ਆਈਟਮ)
ਸਾਬਕਾ ਕੌਂਸਲਰ ਡਾ. ਪਵਨ ਕੁਮਾਰ ਜੈਨ ਅਤੇ ਅਜਾਇਬ ਸਿੰਘ ਨੇ ਕਿਹਾ ਕਿ ਕੁੰਭੜਾ ਵਿੱਚ ਦੂਸ਼ਿਤ ਪਾਣੀ ਅਤੇ ਨਾਲੀਆਂ ਵਿੱਚ ਪਾਣੀ ਖੜਾ ਰਹਿਣ ਕਾਰਨ ਡੇਂਗੂ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਆਪਣੀ ਚਮੜੀ ਬਚਾਉਣ ਲਈ ਝੂਠ ਬੋਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕੱਲੇ ਕੁੰਭੜਾ ਵਿੱਚ ਘੱਟੋ ਘੱਟ 40 ਤੋਂ 50 ਲੋਕ ਡੇਂਗੂ ਤੋਂ ਪੀੜਤ ਹਨ। ਉਨ੍ਹਾਂ ਮਹਿਕਮੇ ਦੇ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਹੋਰ ਦਫ਼ਤਰੀ ਅਮਲੇ ਦੇ ਖ਼ਿਲਾਫ਼ ਬਣਦੀ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।
(ਬਾਕਸ ਆਈਟਮ)
ਇੱਥੋਂ ਦੇ ਫੇਜ਼-11 ਵਿੱਚ ਪਿਛਲੇ ਕੁੱਝ ਦਿਨਾਂ ’ਚ ਅਚਾਨਕ ਡੇਂਗੂ ਦਾ ਪ੍ਰਕੋਪ ਵੱਧ ਗਿਆ ਹੈ। ਕੋਠੀ ਨੰਬਰ 300 ਤੋਂ 325 ਤੱਕ ਖੇਤਰ ਵਿੱਚ ਲਗਭਗ ਇੱਕ ਦਰਜਨ ਘਰ ਅਜਿਹੇ ਹਨ। ਜਿਨ੍ਹਾਂ ਵਿੱਚ ਕੋਈ ਨਾ ਕੋਈ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਹੈ। ਇਲਾਕੇ ਦੇ ਕੌਂਸਲਰ ਅਮਰੀਕ ਸਿੰਘ ਤਸਿਹੀਲਦਾਰ (ਸੇਵਾਮੁਕਤ) ਖ਼ੁਦ ਵੀ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦੇ ਘਰ ਵਿੱਚ ਡੇਂਗੂ ਦੇ ਤਿੰਨ ਮਰੀਜ਼ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁਆਂਢ ਵਿੱਚ ਕਈ ਵਿਅਕਤੀ ਡੇਂਗੂ ਤੋਂ ਪੀੜਤ ਹਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …