ਅਗਲੇ 5 ਸਾਲਾਂ ਵਿੱਚ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ: ਕੈਪਟਨ ਸਿੱਧੂ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਪਿੰਡਾਂ ਵਿੱਚ ਲੋਕਾਂ ਦਾ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਮੁਹਾਲੀ ਜਿਲ੍ਹੇ ਅਧੀਂਨ ਪੈਂਦੇ ਪਿੰਡ ਕੰਡਾਲਾ, ਬੜੀ, ਮੱਟਰਾਂ ਅਤੇ ਬਾਕਰਪੁਰ ਦਾ ਤੂਫ਼ਾਨੀ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੂੰ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਪਣੀ ਚੋਣ ਮੁਹਿੰਮ ਦੌਰਾਨ ਕੈਪਟਨ ਸਿੱਧੂ ਨੇ ਵੋਟਰਾਂ ਨੂੰ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਦੱਸਦਿਆਂ ਆਉਣ ਵਾਲੇ ਸਮੇਂ ਵਿਕਾਸ ਲਈ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਕੈਪਟਨ ਸਿੱਧੂ ਨੇ ਐਲਾਨ ਕੀਤਾ ਕਿ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਮਾਮਲੇ ਵਿੱਚ ਪਿੰਡਾਂ ਦੀ ਨੁਹਾਰ ਬਦਲੀ ਹੋਈ ਨਜ਼ਰ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨੀ ਨਾਲ ਜੁੜੀਆ ਹੈ ਅਤੇ ਉਹ ਪੇਂਡੂ ਭਾਈਚਾਰੇ ਨਾਲ ਵਿਚਰਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਦੀ ਜ਼ਰੂਰਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਸਿਰਫ਼ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ’ਚ ਹੋਏ ਹਨ, ਜਦੋਂਕਿ ਕਾਂਗਰਸ ਸਰਕਾਰ ਨੇ ਪੰਜਾਬੀਆਂ ਨਾਲ ਸਿਰਫ਼ ਧੋਖਾ ਹੀ ਕਮਾਇਆ ਹੈ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਆਪ ਪਾਰਟੀ ਵਾਲੇ ਤਾਂ ਹਲਕਾ ਵਾਸੀਆਂ ਨੂੰ ਭੜਕਾ ਕੇ ਵੋਟਾਂ ਤੋੜਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਰਹੇ। ਇਸ ਮੌਕੇ ਪਿੰਡਾਂ ਦੀ ਸਮੂਹ ਸੰਗਤ ਨੇ ਕੈਪਟਨ ਸਿੱਧੂ ਦਾ ਸਿਰੋਪਾ ਪਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦੋਵੇਂ ਹੱਥ ਖੜੇ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਲੇਬਰਫੈਡ ਪੰਜਾਬ ਦੇ ਐਮ.ਡੀ ਪਰਮਿੰਦਰ ਸਿੰਘ ਸੋਹਾਣਾ ਨੇ ਲੋਕਾਂ ਨੂੰ ਕੈਪਟਨ ਸਿੱਧੂ ਦੀ ਸ਼ਖਸੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਪਟਨ ਸਿੱਧੂ ਇੱਕ ਸੂਝਵਾਨ ਅਤੇ ਪੜ੍ਹੇ-ਲਿਖੇ ਇਨਸਾਨ ਹੋਣ ਦੇ ਨਾਲ-ਨਾਲ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਲੋਕ ਸੇਵਾ ਵਾਲੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਕੈਪਟਨ ਸਿੱਧੂ ਦੀ ਦੂਰ ਅੰਦੇਸ਼ੀ ਸੋਚ, ਸਾਫ਼-ਸੁਥਰੀ ਛਵੀ ਅਤੇ ਉਨ੍ਹਾਂ ਦੀ ਇਲਾਕੇ ਵਿੱਚ ਇੱਜ਼ਤ ਨੂੰ ਦੇਖਦੇ ਹੋਏ ਹੀ ਹਲਕਾ ਮੁਹਾਲੀ ਤੋਂ ਟਿਕਟ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੈਪਟਨ ਸਿੱਧੂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਦਿਵਾਈਏ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ ਬੈਂਰੋਪੁਰ, ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਬਾਕਰਪੁਰ, ਲਾਭ ਸਿੰਘ, ਹਰਜੀਤ ਸਿੰਘ, ਮਲਕੀਅਤ ਸਿੰਘ, ਗੁਰਜੀਤ ਸਿੰਘ, ਸੋਨੀ ਬੜੀ, ਅਮਰੀਕ ਸਿੰਘ, ਕੰਵਲਜੀਤ ਸਿੰਘ ਪੰਮਾ, ਹਰਜੀਤ ਸਿੰਘ, ਮੇਜਰ ਸਿੰਘ, ਬਹਾਦਰ ਸਿੰਘ ਸਮੇਤ ਪਿੰਡ ਦੇ ਲੋਕ ਭਾਰੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…