ਮੁਹਾਲੀ ਵਿੱਚ ਮਜ਼ਬੂਤ ਬੁਨਿਆਂਦੀ ਢਾਂਚੇ ਦੀ ਸਖ਼ਤ ਲੋੜ: ਸੰਜੀਵ ਵਸ਼ਿਸ਼ਟ

ਸਿਟੀ ਬੱਸ, ਬਿਜਲੀ, ਬਰਸਾਤੀ ਪਾਣੀ ਦੀ ਨਿਕਾਸੀ, ਬੁਨਿਆਂਦੀ ਢਾਂਚੇ ਦੀ ਮੁਰੰਮਤ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਸਾਲ 2006 ਵਿੱਚ ਮੁਹਾਲੀ ਜ਼ਿਲ੍ਹਾ ਬਣਨ ਤੋਂ ਬਾਅਦ ਮੁਹਾਲੀ ਦਾ ਮਾਸਟਰ ਪਲਾਨ ਸਿੰਗਾਪੁਰ ਦੀ ਇੱਕ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ। ਤਾਂ ਜੋ ਮੁਹਾਲੀ ਨੂੰ ਸਿੰਗਾਪੁਰ ਦੀ ਤਰਜ਼ ’ਤੇ ਬਣਾਇਆ ਜਾ ਸਕੇ। ਪਰ ਹੁਣ ਦੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਮੁਹਾਲੀ ਸਿੰਗਾਪੁਰ ਦੀ ਥਾਂ ਸਲਮ ਨਾ ਬਣ ਜਾਵੇ। ਇਹ ਗੱਲ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ ਨੇ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹਾਲੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਸਹੂਲਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਿਜਲੀ, ਪਾਣੀ, ਬਰਸਾਤੀ ਪਾਣੀ ਦੀ ਨਿਕਾਸੀ, ਬੁਨਿਆਦੀ ਢਾਂਚੇ ਦੀ ਕਾਫੀ ਸਮੱਸਿਆ ਹੈ। ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਮੁਹਾਲੀ ਸੱਚਮੁੱਚ ਸਿੰਗਾਪੁਰ ਦੀ ਥਾਂ ਸਲਮ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਮੁਹਾਲੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਪਵੇਗਾ।
ਮੁਹਾਲੀ ਵਿੱਚ ਕੋਈ ਲੋਕਲ ਟਰਾਂਸਪੋਰਟ ਸੇਵਾ ਨਹੀਂ ਹੈ:
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਟ੍ਰਾਈਸਿਟੀ ਦੇ ਹਿੱਸੇ ਅਤੇ ਚੰਡੀਗੜ੍ਹ ਦੇ ਨਾਲ ਲਗਦੇ ਸ਼ਹਿਰ ਜਿਵੇਂ ਮੁਹਾਲੀ ਵਿੱਚ ਲੋਕਲ ਟਰਾਂਸਪੋਰਟ ਦੀ ਸਹੂਲਤ ਨਹੀਂ ਹੈ। ਫੇਜ਼ 6 ਵਿੱਚ ਕਰੋੜਾਂ ਦੀ ਲਾਗਤ ਨਾਲ ਬਣਿਆ ਪੰਜਾਬ ਦਾ ਪਹਿਲਾ ਏਅਰ ਕੰਢੀਸ਼ਨ ਅੰਤਰਰਾਜੀ ਬੱਸ ਟਰਮੀਨਲ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਸ਼ਹਿਰ ਵਿੱਚ ਸਿਟੀ ਬੱਸ ਸੇਵਾ ਸ਼ੁਰੂ ਕਰਨ ਦੀ ਗੱਲ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਅੱਜ ਤੱਕ ਇਹ ਸੇਵਾ ਲੋਕਾਂ ਨੂੰ ਨਹੀਂ ਮਿਲ ਸਕੀ। ਆਉਣ ਵਾਲੇ ਸਮੇਂ ਵਿੱਚ ਜਦੋਂ ਮੁਹਾਲੀ ਵਿੱਚ ਆਬਾਦੀ ਵਧੇਗੀ ਤਾਂ ਸੜਕਾਂ ‘ਤੇ ਆਵਾਜਾਈ ਵੀ ਵਧੇਗੀ। ਅਜਿਹੇ ਵਿੱਚ ਸਿਰਫ਼ ਸਿਟੀ ਬੱਸ ਸੇਵਾ ਹੀ ਲੋਕਾਂ ਲਈ ਸਹਾਈ ਸਿੱਧ ਹੋਵੇਗੀ। ਇਸ ਲਈ ਸਰਕਾਰ ਨੂੰ ਮੁਹਾਲੀ ਵਿੱਚ ਲੋਕਲ ਟਰਾਂਸਪੋਰਟ ਸੇਵਾ ਸ਼ੁਰੂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
20 ਸਾਲ ਪਹਿਲਾਂ ਬਿਜਲੀ ਕਾਮਿਆਂ ਦੀ ਗਿਣਤੀ ਹੁਣ ਉਸ ਤੋਂ ਵੀ ਘੱਟ ਹੈ:
ਵਸ਼ਿਸ਼ਟ ਨੇ ਕਿਹਾ ਕਿ ਦੋ ਦਹਾਕੇ ਪਹਿਲਾਂ ਮੁਹਾਲੀ ਜ਼ਿਲ੍ਹੇ ਵਿੱਚ ਕਰੀਬ 2 ਲੱਖ ਬਿਜਲੀ ਖਪਤਕਾਰ ਸਨ ਅਤੇ ਉਨ੍ਹਾਂ ਦਿਨਾਂ ਵਿੱਚ ਪਾਵਰਕੌਮ ਦੀ 570 ਬਿਜਲੀ ਕਾਮਿਆਂ ਦੀ ਅਸਾਮੀਆਂ ਸਨ ਪਰ ਹੁਣ ਦੋ ਦਹਾਕਿਆਂ ਬਾਅਦ ਬਿਜਲੀ ਕੁਨੈਕਸ਼ਨ ਅਤੇ ਖਪਤਕਾਰਾਂ ਦੀ ਗਿਣਤੀ 5 ਲੱਖ ਹੋ ਗਈ ਹੈ ਪਰ ਇਸ ਵੇਲੇ ਸਿਰਫ਼ 400 ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ ਹੈ ਕਿ ਜੇਕਰ ਬਿਜਲੀ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਠੀਕ ਕਰਨ ਵਿੱਚ ਬਿਜਲੀ ਮੁਲਾਜ਼ਮਾਂ ਨੂੰ 15 ਤੋਂ 20 ਘੰਟੇ ਲੱਗ ਜਾਂਦੇ ਹਨ। ਉਦੋਂ ਤੱਕ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪੈਂਦਾ ਹੈ। ਵਸ਼ਿਸ਼ਟ ਨੇ ਕਿਹਾ ਕਿ ਸਰਕਾਰ ਨੂੰ ਬਿਜਲੀ ਮੁਲਾਜ਼ਮਾਂ ਦੀ ਨਵੀਂ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਸਭ ਕੁਝ ਆਸਾਨੀ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਜਦੋਂ ਮੈਨ ਪਾਵਰ ਜ਼ਿਆਦਾ ਹੋਵੇਗੀ ਤਾਂ ਬਿਜਲੀ ਸਬੰਧੀ ਜੋ ਵੀ ਸਮੱਸਿਆ ਆਵੇਗੀ, ਉਸ ਦਾ ਹੱਲ ਕਰਨਾ ਆਸਾਨ ਹੋਵੇਗਾ ਅਤੇ ਸਮਾਂ ਵੀ ਘੱਟ ਲੱਗੇਗਾ।

ਪਾਣੀ ਦਾ ਪ੍ਰੈਸ਼ਰ ਇੰਨਾ ਘੱਟ ਹੈ ਕਿ ਪਹਿਲੀ ਮੰਜ਼ਲ ’ਤੇ ਰਹਿਣ ਵਾਲੇ ਲੋਕ ਵੀ ਪ੍ਰੇਸ਼ਾਨ:

ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਾਫੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਇਹ ਹੈ ਕਿ ਮੁਹਾਲੀ ਵਿੱਚ ਹੁਣ ਚਾਰ ਮੰਜ਼ਲਾਂ ਮਕਾਨ ਬਣ ਚੁੱਕੇ ਹਨ ਪਰ ਪਾਣੀ ਦਾ ਪ੍ਰੈਸ਼ਰ ਇੰਨਾ ਘੱਟ ਹੈ ਕਿ ਪਾਣੀ ਲੋਕਾਂ ਦੀ ਪਹਿਲੀ ਮੰਜ਼ਲ ਤੱਕ ਨਹੀਂ ਪਹੁੰਚ ਰਿਹਾ। ਇਸ ਕਰਕੇ ਸ਼ਹਿਰ ਦੇ ਲੋਕ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹੁਣ ਤੱਕ ਸਰਕਾਰ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

ਕਲੋਨੀਆਂ ਵਿੱਚ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ:

ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਸ਼ਹਿਰ ਦੇ ਨਾਲ ਲੱਗਦੇ ਕਈ ਪਿੰਡ ਜਿਨ੍ਹਾਂ ਵਿੱਚ ਬਲੌਂਗੀ, ਬੜਮਾਜਰਾ, ਜੁਝਾਰ ਨਗਰ, ਬਹਿਲੋਲਪੁਰ, ਝਾਮਪੁਰ ਆਦਿ ਸ਼ਾਮਲ ਹਨ, ਉੱਥੇ ਕਈ ਕਲੋਨੀਆਂ ਬਣੀਆਂ ਹੋਈਆਂ ਹਨ। ਸੈਂਕੜੇ ਪਰਿਵਾਰ ਵੀ ਉਥੇ ਰਹਿਣ ਲੱਗ ਪਏ ਹਨ। ਪਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੜਕਾਂ ਟੁੱਟੀਆਂ ਪਈਆਂ ਹਨ, ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ, ਸਟਰੀਟ ਲਾਈਟਾਂ ਨਹੀਂ ਹਨ ਅਤੇ ਹੋਰ ਵੀ ਕਈ ਸਮੱਸਿਆਵਾਂ ਹਨ। ਸਰਕਾਰ ਨੂੰ ਇਸ ਪੱਖ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …