
ਜਨਰਲ ਸੀਟਾਂ ’ਤੇ ਕੀਤਾ ਜਾ ਰਿਹਾ ਰਿਜ਼ਰਵੇਸ਼ਨ ਦਾ ਕਬਜ਼ਾ ਰੋਕਣ ਦੀ ਸਖ਼ਤ ਲੋੜ: ਫੈਡਰੇਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ, ਜ਼ਿਲ੍ਹਾ ਮੁਹਾਲੀ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਦਵਿੰਦਰ ਸਿੰਘ, ਹਰਮਿੰਦਰ ਸਿੰਘ ਸੋਹੀ, ਗੁਰਮਨਜੀਤ ਸਿੰਘ ਅਤੇ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਨੌਕਰੀਆਂ ਵਿੱਚ ਭਰਤੀ ਸਮੇਂ ਵੱਖ-ਵੱਖ ਤਰੀਕਿਆਂ ਨਾਲ ਜਨਰਲ ਸੀਟਾਂ ’ਤੇ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਦਾ ਕਬਜ਼ਾ ਦਿਨ ਭਰ ਵਧਦਾ ਹੀ ਜਾ ਰਿਹਾ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਜਨਰਲ ਵਰਗ ਦੇ ਲੋਕਾਂ ਲਈ ਨੌਕਰੀਆਂ ਸਿਰਫ਼ 15-20 ਫੀਸ ਦੀ ਰਹਿ ਗਈਆਂ ਹਨ। ਕਿਉਂਕਿ ਵੱਖ-ਵੱਖ ਕੈਟਾਗਰੀਆਂ ਲਈ ਪਹਿਲਾਂ ਹੀ 50 ਫੀਸਦੀ ਰਿਜ਼ਰਵੇਸ਼ਨ ਹੈ ਅਤੇ 10 ਫੀਸਦੀ ਜਨਰਲ ਕੈਟਾਗਰੀ ਦੇ ਕਮਜ਼ੋਰ ਵਰਗਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਰਿਜ਼ਰਵ ਕੈਟਾਗਰੀ ਦੇ ਲੋਕਾਂ ਲਈ ਕੋਟਾ ਇਸ ਕਰਕੇ ਨਿਸ਼ਚਿਤ ਕੀਤਾ ਗਿਆ ਸੀ ਕਿ ਇਹ ਲੋਕ ਮੈਰਿਟ ਵਿੱਚ ਨਹੀਂ ਸਨ ਆਉਂਦੇ, ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ ਨੁਮਾਇੰਦਗੀ ਦੇਣ ਲਈ ਕੋਟਾ ਨਿਸ਼ਚਿਤ ਕੀਤਾ ਗਿਆ ਸੀ ਪਰ ਹੁਣ ਸਥਿਤੀ ਬਿਲਕੁਲ ਬਦਲ ਗਈ ਹੈ। ਰਿਜ਼ਰਵ ਕੈਟਾਗਰੀ ਦੇ ਲੋਕ ਵੀ ਹੁਣ ਮੈਰਿਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਉਨ੍ਹਾਂ ਦੀ ਗਿਣਤੀ 50 ਫੀਸਦੀ ਦੀ ਬਜਾਏ 70-75 ਫੀਸਦੀ ਹੋ ਜਾਂਦੀ ਹੈ ਅਤੇ ਜਨਰਲ ਵਰਗ ਦੇ ਲੋਕਾਂ ਲਈ ਨੌਕਰੀਆਂ ਦੇ ਮੌਕੇ ਘੱਟਦੇ ਜਾ ਰਹੇ ਹਨ।
ਫੈਡਰੇਸ਼ਨ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਿਜ਼ਰਵ ਕੋਟੇ ਨੂੰ ਸੀਮਤ ਰੱਖਿਆ ਜਾਵੇ ਤਾਂ ਜੋ ਜਨਰਲ ਵਰਗ ਦੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਮਿਲ ਸਕਣ। ਰਿਜ਼ਰਵ ਕੈਟਾਗਰੀ ਦੇ ਮੈਰਿਟ ਵਿੱਚ ਆਏ ਉਮੀਦਵਾਰਾਂ ਨੂੰ ਵੀ ਕੋਟੇ ਵਿੱਚ ਗਿਣਿਆ ਜਾਵੇ ਤਾਂ ਕਿ ਇਨ੍ਹਾਂ ਹੋਣਹਾਰ ਨੌਜਵਾਨ ਲੜਕੇ ਲੜਕੀਆਂ ਨੂੰ ਵੀ ਨੌਕਰੀਆਂ ਮਿਲਣ ਦਾ ਰਾਹ ਪੱਧਰਾ ਹੋ ਸਕੇ।