nabaz-e-punjab.com

ਅਮਰੀਕਾ ਦੇ ਹਾਰਵਰਡ ਦੇ ਡਾਕਟਰ ਵੱਲੋਂ ਕੈਂਸਰ ਦੇ ਇਲਾਜ ਲਈ ਜੇਨੋਮ ਟੈਕਨਾਲੋਜੀ ਦੀ ਪੇਸ਼ਕਸ਼

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਤਾਵ ਨੂੰ ਲਾਗੂ ਕਰਨ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਮੁੱਖ ਸਕੱਤਰ ਨੂੰ ਨਿਰਦੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜੁਲਾਈ
ਭਾਰਤੀ ਮੂਲ ਦੇ ਇਕ ਹਾਰਵਰਡ ਦੇ ਡਾਕਟਰ ਨੇ ਪੰਜਾਬ ਵਿਚ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਅਤਿ ਆਧੁਨਿਕ ਜੇਨੋਮ (ਕੋਸ਼ਿਕਾ ਵਿੱਚ ਜੀਵ-ਅਣੂਆਂ ਦਾ ਸਮੂਹ) ਟੈਕਨਾਲੋਜੀ ਦੀ ਪੇਸ਼ਕਸ਼ ਕੀਤੀ ਹੈ। ਇਹ ਪ੍ਰਸਤਾਵ ਸੋਮਵਾਰ ਸ਼ਾਮ ਨੂੰ ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ ਵਿਚ ਮੈਡੀਸਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਨੋਜ ਕੇ. ਭਸੀਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਇਕ ਮੀਟਿੰਗ ਦੌਰਾਨ ਪੇਸ਼ ਕੀਤਾ।
ਮੁੱਖ ਮੰਤਰੀ ਨੇ ਇਸ ਉਦਮ ਨੂੰ ਅੱਗੇ ਖੜ੍ਹਣ ਲਈ ਸੂਬਾ ਸਰਕਾਰ ਵੱਲੋਂ ਡਾਕਟਰੀ ਪੇਸ਼ੇ ਦੇ ਮਾਹਰ ਨੂੰ ਹਰ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਸ ਸਕੀਮ ਨੂੰ ਲਾਗੂ ਕਰਨ ਲਈ ਇਕ ਵਿਆਪਕ ਯੋਜਨਾ ਤਿਆਰ ਕਰਨ ਵਾਸਤੇ ਅੱਗੇ ਇਕ ਹੋਰ ਵੱਖਰੀ ਮੀਟਿੰਗ ਸੱਦਣ ਲਈ ਕਿਹਾ ਹੈ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਜੇਨੋਮ ਸੈਂਪਲਿੰਗ ਦੇ ਮਕਸਦ ਲਈ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ਤੋਂ ਇਲਾਵਾ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਅਤੇ ਐਡਵਾਂਸ ਕੈਂਸਰ ਸੈਂਟਰ ਬਠਿੰਡਾ ਨੂੰ ਇਸ ਕਾਰਜ ਵਿੱਚ ਸ਼ਾਮਲ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਸਿਹਤ ਅਤੇ ਡਾਕਟਰੀ ਸਿੱਖਿਆ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਨਿਪਟਿਆ ਜਾ ਸਕੇ ਜਿਸ ਨਾਲ ਪੰਜਾਬ ਦੇ ਲੋਕਾਂ ਖਾਸ ਕਰ ਸੂਬੇ ਦੀ ਦੱਖਣੀ ਪੱਟੀ ਦੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ।
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਦੇ ਇਕ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਵਿਚ ਇਕ ਪਾਇਲਟ ਪ੍ਰਾਜੈਕਟ ਵਜੋਂ ਨਸ਼ੇ ਦੇ ਆਦੀ ਵਿਅਕਤੀਆਂ ਲਈ ਮੈਡੀਟੇਸ਼ਨ ਅਤੇ ਯੋਗਾ ਪ੍ਰੋਗਰਾਮ ਸ਼ੁਰੂ ਕਰਨ ਦੇ ਡਾ. ਭਸੀਨ ਦੇ ਪ੍ਰਸਤਾਵ ਨੂੰ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਇਹ ਪਾਇਲਟ ਪ੍ਰਾਜੈਕਟ ਆਯੂਸ਼ ਦੇ ਰਾਹੀਂ ਚਲਾਇਆ ਜਾਵੇਗਾ ਅਤੇ ਇਸ ਦੀ ਸਫਲਤਾ ਤੇ ਹੁੰਗਾਰੇ ਦੇ ਅਧਾਰਤ ਇਸ ਨੂੰ ਬਾਅਦ ਵਿਚ ਹੋਰਨਾਂ ਕੇਂਦਰਾਂ ਵਿਚ ਵੀ ਲਾਗੂ ਕੀਤਾ ਜਾ ਸਕੇਗਾ। ਮੀਟਿੰਗ ਦੌਰਾਨ ਡਾ. ਭਸੀਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਪੰਜਾਬ ਵਿਚ ਕੈਂਸਰ ਨਾਲ ਪ੍ਰਭਾਵਿਤ ਮਰੀਜਾਂ ਦੇ ਇਲਾਜ ਲਈ ਅਤਿਆਧੁਨਿਕ ਜੇਨੋਮ ਇਲਾਜ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਉਤਸੁਕ ਹਨ ਜੋ ਕਿ ਇਸ ਮਾਰੂ ਬਿਮਾਰੀ ਲਈ ਇਕ ਬਹੁਤ ਜ਼ਿਆਦਾ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਇਲਾਜ ਪ੍ਰਣਾਲੀ ਜੇਨੋਮ ਦੇ ਲਏ ਗਏ ਸੈਂਪਲਾਂ ’ਤੇ ਅਧਾਰਤ ਹੁੰਦੀ ਹੈ ਜੋ ਕਿ ਕੈਂਸਰ ਦੇ ਮਰੀਜਾਂ ਤੋਂ ਲਏ ਜਾਂਦੇ ਹਨ ਜਿਸ ਨਾਲ ਕੈਂਸਰ ਦੀ ਕਿਸਮ ਬਾਰੇ ਪਤਾ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਇਲਾਜ ਪ੍ਰਣਾਲੀ ਕੈਂਸਰ ਮਰੀਜਾਂ ਲਈ ਵਾਜਬ ਹੋਵੇਗੀ।
ਡਾ. ਭਸੀਨ ਨੇ ਜੇਨੋਮ ਕੈਂਸਰ ਥੈਰਪੀ ਪ੍ਰੋਗਰਾਮ ਲਾਗੂ ਕਰਨ ਲਈ ਹਾਰਵਰਡ ਮੈਡੀਕਲ ਸਕੂਲ ਅਤੇ ਮੁੱਲਾਂਪੁਰ (ਨਿਊ ਚੰਡੀਗੜ੍ਹ ਨੇੜੇ) ਵਿਖੇ ਮੈਡੀ ਸਿਟੀ ਵਿਚ ਬਣਾਏ ਜਾ ਰਹੇ ਟਾਟਾ ਮੈਡੀਕਲ ਸੈਂਟਰ ਵਿਚਕਾਰ ਭਾਈਵਾਲੀ ਦਾ ਵੀ ਪ੍ਰਸਤਾਵ ਕੀਤਾ। ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਨੇ ਕੈਂਸਰ ਦੇ ਮਰੀਜਾਂ ਦਾ ਇੰਦਰਾਜ ਕਰਨ ਲਈ ਪਹਿਲਾਂ ਹੀ ਕਾਫੀ ਕੰਮ ਕਰ ਲਿਆ ਹੈ ਜੋ ਕਿ ਸੂਬੇ ਭਰ ਵਿਚ ਜੇਨੋਮ ਦੇ ਸੈਂਪਲ ਲੈਣ ਲਈ ਉਪਯੋਗੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਨੇ ਆਪਣੇ ਇੰਦਰਾਜ ਰਜਿਸਟਰ ਲਾਏ ਹਨ ਜਿਨ੍ਹਾਂ ਨੂੰ ਪੀ.ਜੀ.ਆਈ.ਐਮ.ਈ.ਆਰ ਦੇ ਕੇਂਦਰੀ ਇੰਦਰਾਜਾਂ ਨਾਲ ਜੋੜਿਆ ਗਿਆ ਹੈ ਜੋ ਕਿ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਅਗਵਾਈ ਵਿਚ ਕੀਤਾ ਗਿਆ ਹੈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਰਜੀਵ ਭੱਲਾ ਅਤੇ ਪੀ.ਜੀ.ਆਈ.ਐਮ.ਈ.ਆਰ ਦੇ ਐਂਡੋਕ੍ਰੋਨੋਲੋਜੀ ਵਿਭਾਗ ਦੇ ਪ੍ਰੋਫੈਸਰ ਸੰਜੇ ਭਡਾਡਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…