nabaz-e-punjab.com

ਚੰਗੀ ਸਿਹਤ ਤੇ ਸਰੀਰਕ ਵਾਧੇ ਲਈ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਬੇਹੱਦ ਜਰੂਰੀ: ਬਰਾੜ

ਵਰਲਡ ਮਿਲਕ ਡੇਅ ’ਤੇ ‘ਸਿਹਤ ਅਤੇ ਖੁਸ਼ਹਾਲੀ’ ਲਈ ਦੁੱਧ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਇੰਡੀਅਨ ਡੇਅਰੀ ਐਸੋਸੀਏਸ਼ਨ (ਨਾਰਥ ਜ਼ੋਨ) ਪੰਜਾਬ ਚੈਪਟਰ ਅਤੇ ਮਿਲਕਫੈਡ ਪੰਜਾਬ ਦੇ ਸਹਿਯੋਗ ਨਾਲ ਵਰਲਡ ਮਿਲਕ ਡੇਅ ਬੜੇ ਜੋਸ਼ੋ-ਖਰੋਸ਼ ਨਾਲ ਲਾਈਵਸਟੋਕ ਕੰਪਲੈਕਸ, ਸੈਕਟਰ 68 ਮੁਹਾਲੀ ਵਿੱਚ ਮਨਾਇਆ ਗਿਆ। ਇਹ ਇੱਕ ਬਹੁਪੱਖਾ ਸਮਾਰੋਹ ਸੀ। ਇਸ ਮੌਕੇ ’ਤੇ ‘ਸਿਹਤ ਅਤੇ ਖੁਸ਼ਹਾਲੀ’ ਲਈ ਦੁੱਧ ਵਿਸ਼ੇ ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸੇ ਵਿਸ਼ੇ ਤੇ ਰਾਜ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਦਿਆਰਥੀਆਂ ਵਿੱਚ ਕਰਵਾਏ ਗਏ ਲੇਖ ਮੁਕਾਬਲੇ ਦੇ ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਨਕਦ ਇਨਾਮ ਵੰਡੇ ਗਏ। ਇਸ ਸਮਾਰੋਹ ਵਿੱਚ ਸ੍ਰੀ ਮਨਜੀਤ ਸਿੰਘ ਬਰਾੜ, ਆਈ.ਏ.ਐਸ. ਮੈਨੇਜਿੰਗ ਡਾਇਰੈਕਟਰ, ਮਿਲਕਫੈਡ ਪੰਜਾਬ ਮੁੱਖ ਮਹਿਮਾਨ ਸਨ।
ਇੰਡੀਅਨ ਡੇਅਰੀ ਐਸੋਸੀਏਸ਼ਨ (ਨਾਰਥ ਜ਼ੋਨ) ਦੀ ਨੁਮਾਇੰਦਗੀ ਡਾ. ਜੀ.ਆਰ. ਪਾਟਿਲ, ਵਾਈਸ ਚੈਅਰਮੈਨ ਅਤੇ ਡਾ. ਆਰ.ਕੇ. ਮਲਿਕ ਕਾਰਜਕਾਰੀ ਸੰਪਾਦਕ, ਇੰਡੀਅਨ ਜਰਨਲ ਆਫ ਡੇਅਰੀ ਸਾਇੰਸ ਵਿਸ਼ੇਸ ਤੌਰ ਤੇ ਸਾਮਲ ਹੋਏ। ਆਪਣੇ ਕੁੰਜੀਵਤ ਭਾਸ਼ਨ ਵਿੱਚ ਸ੍ਰੀ ਐਮ.ਐਸ. ਬਰਾੜ ਨੇ ਪੰਜਾਬ ਦੇ ਇਤਿਹਾਸਕ ਪਿਛੋਕੜ ਨੂੰ ਛੂੰਹਦਿਆਂ ਦੱਸਿਆ ਕਿ ਇੱਥੇ ਦੁੱਧ ਪੈਦਾ ਕਰਨਾ ਅਤੇ ਉਸਦੀ ਖਪਤ ਕਰਨਾ ਜੀਵਨ ਦਾ ਇੱਕ ਤਰੀਕਾ ਹੈ। ਇਸੇ ਕਾਰਨ ਪੰਜਾਬ ਕੇਵਲ 2% ਦੁਧਾਰੂ ਪਸ਼ੂਆਂ ਨਾਲ ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ 8% ਪੈਦਾ ਕਰਦਾ ਹੈ। ਉਨ੍ਹਾਂ ਵਿੱਦਿਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਖਪਤ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਸਰੀਰਕ ਵਾਧੇ ਅਤੇ ਸਿਹਤ ਲਈ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਉੱਚ ਮੁਕਾਬਲੇ ਵਾਲੀ ਦੁਨੀਆਂ ਦੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਹੈ। ਮੱਖਣ, ਘਿਓ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਭੁਲੇਖਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਅਮਰੀਕਾ ਦੇ ਟਾਈਮ ਮੈਗੇਜ਼ੀਨ ਵਿੱਚ ਤਾਜ਼ੇ ਛਪੇ ਖੋਜ਼ ਪੱਤਰ ਦਾ ਹਵਾਲਾ ਦਿੱਤਾ ਜਿਸ ਵਿੱਚ ਇਹ ਨਤੀਜਾ ਕੱਢਿਆ ਗਿਆ ਹੈ ਕਿ ਚੰਗੀ ਸਿਹਤ ਲਈ ਵੱਧ ਮੱਖਣ ਖਾਣਾ ਚਾਹੀਦਾ ਹੈ।
ਮਿਲਕਫੈਡ ਵਲੋਂ ਪੇਸ਼ ਕੀਤੇ ਜਾ ਰਹੇ ਦੁੱਧ ਪਦਾਰਥਾਂ ਦੀ ਰੇਂਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਸਮਝ ਕੇ ਉਨ੍ਹਾਂ ਨੂੰ ਪੂਰਾ ਕਰਨ ਲਈ ਯੋਗ ਦੁੱਧ ਪਦਾਰਥ ਤਿਆਰ ਕਰਦੇ ਹਨ। ਉਨ੍ਹਾਂ ਕਈ ਅਜਿਹੇ ਨਵੇਂ ਦੁੱਧ ਪਦਾਰਥ ਗਿਣਾਏ ਜਿਹੜੇ ਬਾਜ਼ਾਰ ਵਿੱਚ ਆ ਚੁੱਕੇ ਹਨ ਜਾਂ ਆਉਣ ਵਾਲੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਿਲਕਫੈਡ ਵਲੋਂ ਵੱਖ-ਵੱਖ ਫਲੇਵਰ ਵਾਲੇ ਲੱਸੀ ਅਤੇ ਦੁੱਧ ਦੇ ਛੋਟੇ ਪੈਕ ਤਿਆਰ ਕੀਤੇ ਹਨ ਜੋ ਮੁੱਲ ਪੱਖੋਂ ਸਸਤੇ ਹਨ। ਉਨ੍ਹਾਂ ਵਿੱਦਿਆਰਥੀਆਂ ਨੂੰ ਦੱਸਿਆ ਕਿ ਡੇਅਰੀ ਖੇਤਰ ਵੱਡੀ ਪੱਧਰ ਤੇ ਕੈਰੀਅਰ ਦੀਆਂ ਸੰਭਾਵਨਾਵਾਂ ਪੇਸ਼ ਕਰਦਾ ਹੈ। ਇਸ ਲਈ ਉਨ੍ਹਾਂ ਨੂੰ ਮਨ-ਚਿੱਤ ਲਗਾ ਕੇ ਡੇਅਰੀ ਸਾਇੰਸ ਕੋਰਸ ਪੜ੍ਹਨੇ ਚਾਹੀਦੇ ਹਨ ਤਾਂ ਕਿ ਡੇਅਰੀ ਖੇਤਰ ਨੂੰ ਚੰਗਾ ਟੇਲੈਂਟ ਹਾਸਿਲ ਹੋ ਸਕੇ। ਉਨ੍ਹਾਂ ਆਪਣੇ ਤਜ਼ਰਬੇ ਦੇ ਹਵਾਲੇ ਵਿੱਚ ਦੱਸਿਆ ਕਿ ਮਿਲਕਫੈਡ ਵਲੋਂ ਲਗਾਤਾਰ ਕੈਂਪਸ ਪਲੇਸਮੈਂਟ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਲੋੜੀਂਦਾ ਟੇਲੈਂਟ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਭਰਤੀਆਂ ਸਾਲ ਦਰ ਸਾਲ ਚਲਦੀਆਂ ਰਹਿਣਗੀਆਂ ਜ਼ੋ ਮਿਲਕਫੈਡ ਤੋਂ ਇਲਾਵਾ ਹੋਰ ਕਈ ਧਿਰਾਂ ਵਲੋਂ ਵੀ ਕੀਤੀਆਂ ਜਾਣਗੀਆਂ। ਜਿਹੜੀ ਡੇਅਰੀ ਸਾਇੰਸਦਾਨਾਂ ਤੇ ਟੈਕਨੋਕਰੈਟਾਂ ਲਈ ਚੰਗੇ ਭਵਿੱਖ ਦੀ ਨਿਸ਼ਾਨੀ ਹੈ।
ਡਾ.ਜੀ.ਆਰ. ਪਾਟਿਲ, ਵਾਈਸ ਵਾਈਸ ਚੈਅਰਮੈਨ ਨਾਰਥ ਜ਼ੋਨ ਨੇ ਵਰਲਡ ਮਿਲਕ ਡੇਅ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਅਤੇ ਇੰਡੀਅਨ ਡੇਅਰੀ ਐਸੋਸ਼ੀਏਸ਼ਨ ਨਾਲ ਸਬੰਧਤ ਪੰਜਾਬ ਚੈਪਟਰ ਨੂੰ ਅਜਿਹੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਇਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਡੇਅਰੀ ਵਿਕਾਸ ਲਈ ਚੰਗਾ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਵਾਨ ਵਿੱਦਿਆਰਥੀਆਂ ਨੂੰ ਸ਼ਾਮਲ ਕਰਨ ਨਾਲ ਕਈ ਮੰਤਵ ਪੂਰੇ ਹੁੰਦੇ ਹਨ। ਇੱਕ ਪਾਸੇ ਉਨ੍ਹਾਂ ਦਾ ਜਾਗਰੁਕਤਾ ਪੱਧਰ ਵੱਧਦਾ ਹੈ, ਦੁੱਧ ਦੀ ਖਪਤ ਲਈ ਪ੍ਰੇਰਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਡੇਅਰੀ ਸਾਇੰਸ ਲਈ ਕੋਰਸ ਅਪਣਾਉਣ ਲਈ ਰਸਤਾ ਮਿਲਦਾ ਹੈ। ਉਨ੍ਹਾਂ ਚਾਹਿਆ ਕਿ ਅਜਿਹੇ ਪ੍ਰੋਗਰਾਮ ਜਾਰੀ ਰਹਿਣੇ ਚਾਹੀਦੇ ਹਨ। ਸ. ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਅਤੇ ਚੇਅਰਮੈਨ ਇੰਡੀਅਨ ਡੇਅਰੀ ਐਸੋਸੀਏਸ਼ਨ (ਨਾਰਥ ਜ਼ੋਨ) ਪੰਜਾਬ ਚੈਪਟਰ ਨੇ ਮੁੱਖ ਮਹਿਮਾਨ, ਸ਼ਖਸੀਅਤਾਂ, ਤਕਨੀਕੀ ਬੁਲਾਰਿਆਂ, ਵਿੱਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ, ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ, ਪ੍ਰੈੱਸ ਅਤੇ ਮੀਡੀਆ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਸਮਾਰੋਹ ਦਾ ਪਿਛੋਕੜ, ਵਰਲਡ ਮਿਲਕ ਡੇਅ ਦਾ ਇਤਿਹਾਸ ਅਤੇ ਇਸ ਐਕਟੀਵਿਟੀ ਦਾ ਮੰਤਵ ਸਪਸ਼ਟ ਕੀਤਾ। ਉਨ੍ਹਾਂ ਕਿਹਾ ਕਿ ਵਿੱਦਿਆਰਥੀ ਸਾਡੇ ਸਮਾਜ ਦਾ ਭਵਿੱਖ ਹਨ, ਇਸ ਲਈ ਸਰੀਰਕ ਅਤੇ ਮਾਨਸਿਕ ਸਿਹਤ ਅਤੀ ਮਹੱਤਵਪੂਰਨ ਹੈ।
ਦੁੱਧ ਵਿੱਚ ਪੌਸ਼ਟਿਕਤਾ ਦੇ ਗੁਣਾਂ ਦੀਆਂ ਬਰੀਕੀਆਂ ਨੂੰ ਤਕਨੀਕੀ ਬੁਲਾਰਿਆਂ ਤੇ ਛੱਡਦਿਆਂ ਉਨ੍ਹਾਂ ਵਿੱਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਪਦਾਰਥ ਦੀ ਵੱਧ ਵਰਤੋਂ ਕਰਨ ਲਈ ਜ਼ੋਰ ਦੇ ਕੇ ਅਪੀਲ ਕੀਤੀ ਕਿਉਂਕਿ ਇਹ ਉਨ੍ਹਾਂ ਦੇ ਵਧਦੇ ਮਨ ਅਤੇ ਸ਼ਰੀਰ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 4-5 ਸਾਲਾਂ ਤੋਂ ਦੁੱਧ ਦੇ ਕਿਸੇ ਵਿਸ਼ੇ ਤੇ ਲੇਖ ਮੁਕਾਬਲਾ ਅਤੇ ਇਨਾਮ ਵੰਡ ਇੱਕ ਲਗਾਤਾਰ ਪ੍ਰੋਗਰਾਮ ਹੈ। ਪਿਛਲੇ ਸਾਲ ਤੋਂ ਮਿਲਕਫੈਡ ਪੰਜਾਬ ਵਲੋਂ ਇਸ ਨੂੰ ਸਪੌਂਸਰ ਕੀਤਾ ਜਾਂਦਾ ਹੈ। ਉਨ੍ਹਾਂ ਮਿਲਕਫੈਡ ਨੂੰ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਮੈਨੇਜਿੰਗ ਡਾਇਰੈਕਟਰ, ਮਿਲਕਫੈਡ ਦਾ ਧੰਨਵਾਦ ਕੀਤਾ। ਡਾ. ਨੀਤਿਕਾ ਗੋਇਲ, ਸਹਾਇਕ ਪ੍ਰੋਫੈਸਰ, ਕਾਲਜ ਆਫ ਡੇਅਰੀ ਸਾਇੰਸ ਐਂਡ ਤਕਨਾਲੋਜੀ, ਗਡਵਾਸੂ, ਲੁਧਿਆਣਾ ਨੇ ਦੁੱਧ ਵਿੱਚ ਮੌਜੂਦ ਤੱਤਾਂ ਅਤੇ ਉਨ੍ਹਾਂ ਦੀ ਮਨੁੱਖੀ ਸਿਹਤ ਲਈ ਲੋੜ ਬਾਰੇ ਇੱਕ ਵੇਰਵੇਵਾਰ ਪ੍ਰੈਜ਼ੇਂਟੇਸ਼ਨ ਦਿੱਤੀ।
ਡਾ. ਪੀ.ਕੇ ਸਿੰਘ, ਸਹਾਇਕ ਪ੍ਰੋਫੈਸਰ, ਕਾਲਜ ਆਫ ਡੇਅਰੀ ਸਾਇੰਸ ਐਂਡ ਤਕਨਾਲੋਜੀ, ਗਡਵਾਸੂ, ਲੁਧਿਆਣਾ ਨੇ ਦੁੱਧ ਦੇ ਮਿਆਰ, ਕੁਦਰਤੀ ਅਤੇ ਮਿਲਾਵਟੀ ਦੁੱਧ ਦੀ ਪਹਿਚਾਣ ਸਬੰਧੀ ਭਰਵੀਂ ਜਾਣਕਾਰੀ ਦਿੱਤੀ। ਡਾ. ਇੰਦਰਪ੍ਰੀਤ ਕੁਲਾਰ, ਸਹਾਇਕ ਪ੍ਰੋਫੈਸਰ, ਕਾਲਜ ਆਫ ਡੇਅਰੀ ਸਾਇੰਸ ਐਂਡ ਤਕਨਾਲੋਜੀ, ਗਡਵਾਸੂ, ਲੁਧਿਆਣਾ ਨੇ ਡੇਅਰੀ ਖੇਤਰ ਵਿੱਚ ਉਪਲੱਬਧ ਕੈਰੀਅਰ ਸੰਭਾਵਨਾਵਾਂ ਸਬੰਧੀ ਜਾਣਕਾਰੀ ਦਿੱਤੀ। ਤਕਨੀਕੀ ਬੁਲਾਰਿਆਂ ਵਲੋਂ ਬਾਅਦ ਵਿੱਚ ਵਿੱਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਬਾਅਦ ਜੇਤੂਆਂ ਨੂੰ ਇਨਾਮ ਵੰਡੇ ਗਏ। ਜ਼ਿਲ੍ਹਾ ਪੱਧਰ ਤੇ ਪਹਿਲੀ ਥਾਂ ਆਉਣ ਵਾਲੇ ਨੂੰ 3000/- ਰੁਪਏ, ਦੂਜੀ ਥਾਂ ਤੇ ਆਉਣ ਵਾਲੇ ਨੂੰ 2000/- ਅਤੇ ਤੀਜੀ ਥਾਂ ਤੇ ਆਉਣ ਵਾਲੇ 1000/- ਨਕਦ ਇਨਾਮ ਦਿੱਤੇ ਗਏ।

Load More Related Articles

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …