
ਟੀਕਾਕਰਨ ਮੁਹਿੰਮ: ਪਹਿਲੇ ਦਿਨ 45 ਕੈਂਪ ਵਿੱਚ 353 ਬੱਚਿਆਂ ਨੂੰ ਟੀਕੇ ਲਗਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜੱਚਾ-ਬੱਚਾ ਦੀ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਟੀਕਾਕਰਨ ਹਫ਼ਤਾ ਅੱਜ ਸ਼ੁਰੂ ਹੋ ਗਿਆ। ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਭਰ ਵਿੱਚ 24 ਅਪਰੈਲ ਤੋਂ 28 ਅਪਰੈਲ ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਵੱਖ-ਵੱਖ ਥਾਵਾਂ ’ਤੇ 45 ਟੀਕਾਕਰਨ ਸੈਸ਼ਨ ਦੌਰਾਨ 353 ਬੱਚਿਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ। ਟੀਕਾਕਰਨ ਦਾ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਅੌਰਤਾਂ ਨੂੰ ਕਵਰ ਕਰਨਾ ਹੈ। ਇਸ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਅੌਰਤਾਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ ਜਾਂ ਕਿਸੇ ਕਾਰਨ ਉਹ ਵਾਂਝੇ ਰਹਿ ਗਏ ਹਨ, ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਜਦੋਂਕਿ ਆਮ ਟੀਕਾਕਰਨ ਪਹਿਲਾਂ ਵਾਂਗ ਜਾਰੀ ਰਹੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਉਚ ਜੋਖ਼ਮ ਵਾਲੇ ਖੇਤਰਾਂ, ਪ੍ਰਵਾਸੀ ਆਬਾਦੀ, ਖਾਨਾਬਦੋਸ਼ ਸਥਾਨ, ਇੱਟਾਂ ਦੇ ਭੱਠਿਆਂ ’ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਅੌਰਤਾਂ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਸਬ-ਸੈਂਟਰਾਂ ਉੱਤੇ ਏਐਨਐਮ ਦਾ ਅਹੁਦਾ ਖ਼ਾਲੀ ਹੈ, ਉੱਥੇ ਵੀ ਟੀਕਾਕਰਨ ਕੀਤਾ ਜਾਵੇਗਾ। ਇੰਜ ਹੀ ਘਰਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆਂ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤੇ ਜਾਣਗੇ। ਜਿਨ੍ਹਾਂ ਖੇਤਰਾਂ ਜਾਂ ਪਿੰਡਾਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਨਹੀਂ ਹਨ, ਉਨ੍ਹਾਂ ਇਲਾਕਿਆਂ ਵਿੱਚ ਵੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫ਼ਸਰ ਅਤੇ ਟੀਕਾਕਰਨ ਅਫ਼ਸਰ ਇਨ੍ਹਾਂ ਕੈਂਪਾਂ ਦਾ ਖ਼ੁਦ ਨਿਰੀਖਣ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਮੁਹਿੰਮ ਨੂੰ ਸਫਲ ਬਣਾਉਣ।