ਬੂਥਗੜ੍ਹ ਸਿਹਤ ਕੇਂਦਰ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਟੀਕਾਕਰਨ ਸ਼ੁਰੂ: ਐਸਐਮਓ

ਦਵਾਈ ਦੀ ਕੋਈ ਘਾਟ ਨਹੀਂ, ਹਰ ਲਾਭਪਾਤਰੀ ਟੀਕਾ ਜ਼ਰੂਰ ਲਗਵਾਏ: ਡਾ. ਜਸਕਿਰਨਦੀਪ ਕੌਰ

ਸਿਹਤ ਬਲਾਕ ਬੂਥਗੜ੍ਹ ਵਿੱਚ 12 ਟੀਕਾਕਰਨ ਟੀਮਾਂ ਗਠਿਤ, ਹਰ ਰੋਜ਼ ਲੱਗ ਰਹੇ ਹਨ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਮੁੱਢਲਾ ਸਿਹਤ ਕੇਂਦਰ ਬੂਥਗੜ੍ਹ ਅਤੇ ਇਸ ਦੇ ਅਧੀਨ ਪੈਂਦੇ ਸਿਹਤ ਕੇਂਦਰਾਂ ਵਿਚ 18 ਸਾਲ ਦੀ ਉਮਰ ਤੋਂ ਉਪਰਲੇ ਹਰ ਵਿਅਕਤੀ ਲਈ ਕੋਵਿਡ ਟੀਕਾਕਰਨ ਸ਼ੁਰੂ ਹੋ ਗਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਬੂਥਗੜ੍ਹ, ਖ਼ਿਜ਼ਰਬਾਦ ਅਤੇ ਪਲਹੇੜੀ ਵਿਖੇ ਪੱਕੇ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ ਜਦਕਿ ਬਾਕੀ ਸਿਹਤ ਕੇਂਦਰਾਂ ਵਿੱਚ ਵੱਖ-ਵੱਖ ਦਿਨਾਂ ਦੌਰਾਨ ਟੀਕਾਕਰਨ ਹੋ ਰਿਹਾ ਹੈ। ਉਨ੍ਹਾਂ ਪੀਐਚਸੀ ਬੂਥਗੜ੍ਹ ਅਧੀਨ ਪੈਂਦੇ ਪਿੰਡਾਂ ਦੇ 18 ਸਾਲ ਤੋਂ ਉਪਰਲੇ ਹਰ ਵਿਅਕਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਦਵਾਈ ਦੀ ਕੋਈ ਘਾਟ ਨਹੀਂ ਅਤੇ ਉਹ ਇਨ੍ਹਾਂ ਕੇਂਦਰਾਂ ਵਿਚ ਆ ਕੇ ਕੋਵਿਡ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਜਿਹੜੇ ਬਜ਼ੁਰਗਾਂ ਨੇ ਹਾਲੇ ਤਕ ਵੀ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਇਹ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ।
ਡਾ. ਜਸਕਿਰਨਦੀਪ ਕੌਰ ਨੇ ਦਸਿਆ ਕਿ ਸਿਹਤ ਬਲਾਕ ਬੂਥਗੜ੍ਹ ਅਧੀਨ ਪੈਂਦੇ ਕੁਲ 120 ਪਿੰਡਾਂ ‘ਚ ਟੀਕਾਕਰਨ ਲਈ 12 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਹਰ ਰੋਜ਼ ਵੱਖ-ਵੱਖ ਪਿੰਡਾਂ ਵਿਚ ਜਾ ਕੇ ਟੀਕਾਕਰਨ ਕੈਂਪ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਖ਼ਾਤਮੇ ਵਲ ਹੈ ਪਰ ਸੰਭਾਵੀ ਤੀਜੀ ਲਹਿਰ ਦੇ ਮੁਕਾਬਲੇ ਲਈ ਹਰ ਵਿਅਕਤੀ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ। ਇਸ ਵੇਲੇ ਕੋਵੀਸ਼ੀਲਡ ਅਤੇ ਕੋਵੈਕਸੀਨ ਦਵਾਈ ਦੇ ਟੀਕੇ ਲਾਏ ਜਾ ਰਹੇ ਹਨ। ਚੋਟੀ ਦੇ ਸਿਹਤ ਮਾਹਰਾਂ ਦੀ ਰਾਏ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਜੇ ਟੀਕਾ ਲਗਵਾਉਣ ਤੋਂ ਬਾਅਦ ਵੀ ਕੋਈ ਵਿਅਕਤੀ ਇਸ ਬੀਮਾਰੀ ਦੀ ਲਪੇਟ ਵਿਚ ਆ ਜਾਂਦਾ ਹੈ ਤਾਂ ਇਹ ਬੀਮਾਰੀ ਭਿਆਨਕ ਰੂਪ ਅਖ਼ਤਿਆਰ ਨਹੀਂ ਕਰਦੀ ਅਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ।
ਐਸਐਮਓ ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਵਿਅਕਤੀ ਬਿਨਾਂ ਕਿਸੇ ਡਰ-ਭੈਅ ਇਹ ਟੀਕਾ ਲਗਵਾਏ। ਉਨ੍ਹਾਂ ਕਿਹਾ ਕਿ ਹਾਲੇ ਤਕ ਕਿਸੇ ਵੀ ਵਿਅਕਤੀ ਅੰਦਰ ਇਸ ਦਵਾਈ ਦਾ ਮਾੜਾ ਅਸਰ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਟੀਕਾ ਲਗਵਾਉਣ ਦੇ ਚਾਹਵਾਨ ਲਾਭਪਾਤਰੀ ਅਪਣਾ ਆਧਾਰ ਕਾਰਡ ਨਾਲ ਲੈ ਕੇ ਜਾਣ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਟੀਕਾ ਬਿਲਕੁਲ ਮੁਫ਼ਤ ਲਾਇਆ ਜਾ ਰਿਹਾ ਹੈ। ਐਸਐਮਓ ਮੁਤਾਬਕ ਟੀਕਾ ਲਗਾਉਣ ਤੋਂ ਬਾਅਦ ਵੀ ਤਮਾਮ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਕੋਵਿਡ ਟੀਕਾਕਰਨ ਦੇ ਨੋਡਲ ਅਫ਼ਸਰ ਡਾ. ਵਿਕਾਸ ਰਣਦੇਵ, ਡਾ. ਸੁਬਿਨ ਸਰੋਆ, ਸੀਐਚਓ ਕਰਮਜੀਤ ਕੌਰ, ਰਵਿੰਦਰਪਾਲ ਕੌਰ ਅਤੇ ਹੋਰ ਸਿਹਤ ਕਾਮੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …